Rohit Sharma's Record: ਵੈਸਟਇੰਡੀਜ਼ ਖਿਲਾਫ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਸ਼ਾਨਦਾਰ ਫਾਰਮ 'ਚ ਨਜ਼ਰ ਆਏ। ਉਸ ਨੇ 10 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 103 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਇਹ ਰੋਹਿਤ ਸ਼ਰਮਾ ਦਾ ਟੈਸਟ ਕ੍ਰਿਕਟ 'ਚ 10ਵਾਂ ਸੈਂਕੜਾ ਸੀ। ਇਸ ਮੈਚ ਵਿੱਚ ਟੀਮ ਇੰਡੀਆ ਨੇ ਇੱਕ ਪਾਰੀ ਅਤੇ 141 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਮੈਚ 'ਚ 2 ਛੱਕੇ ਲਗਾ ਕੇ ਭਾਰਤੀ ਕਪਤਾਨ ਨੇ ਇਕ ਖਾਸ ਰਿਕਾਰਡ ਆਪਣੇ ਨਾਂਅ ਕਰ ਲਿਆ ਸੀ।
ਦਰਅਸਲ, ਰੋਹਿਤ ਸ਼ਰਮਾ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ 400 (401) ਛੱਕਿਆਂ ਦਾ ਅੰਕੜਾ ਪਾਰ ਕਰ ਲਿਆ ਹੈ, ਜੋ ਉਸ ਨੇ ਸਿਰਫ ਉਨ੍ਹਾਂ ਮੈਚਾਂ 'ਚ ਹੀ ਮਾਰਿਆ ਹੈ, ਜਿਨ੍ਹਾਂ 'ਚ ਭਾਰਤੀ ਟੀਮ ਜਿੱਤੀ ਹੈ। ਰੋਹਿਤ ਸ਼ਰਮਾ ਟੀਮ ਦੀ ਜਿੱਤ 'ਚ 400 ਛੱਕਿਆਂ ਦਾ ਅੰਕੜਾ ਪਾਰ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਸੂਚੀ 'ਚ ਪਾਕਿਸਤਾਨ ਦੇ ਸਾਬਕਾ ਖਿਡਾਰੀ ਸ਼ਾਹਿਦ ਅਫਰੀਦੀ 299 ਛੱਕਿਆਂ ਨਾਲ ਦੂਜੇ ਅਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ 276 ਛੱਕਿਆਂ ਨਾਲ ਤੀਜੇ ਨੰਬਰ 'ਤੇ ਹਨ।
ਟੀਮ ਦੀ ਜਿੱਤ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਛੱਕੇ ਮਾਰਨ ਵਾਲੇ
ਰੋਹਿਤ ਸ਼ਰਮਾ - 401 ਛੱਕੇ
ਸ਼ਾਹਿਦ ਅਫਰੀਦੀ - 299 ਛੱਕੇ
ਕ੍ਰਿਸ ਗੇਲ - 276 ਛੱਕੇ
ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਦੂਜੇ ਬੱਲੇਬਾਜ਼
ਅੰਤਰਰਾਸ਼ਟਰੀ ਕਰੀਅਰ 'ਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ 'ਚ ਰੋਹਿਤ ਸ਼ਰਮਾ ਦੂਜੇ ਨੰਬਰ 'ਤੇ ਹੈ। ਉਹ ਹੁਣ ਤੱਕ 529 ਛੱਕੇ ਲਗਾ ਚੁੱਕੇ ਹਨ। ਉਥੇ ਹੀ ਵੈਸਟਇੰਡੀਜ਼ ਦੇ ਕ੍ਰਿਸ ਗੇਲ 553 ਅੰਤਰਰਾਸ਼ਟਰੀ ਛੱਕਿਆਂ ਦੇ ਨਾਲ ਪਹਿਲੇ ਨੰਬਰ 'ਤੇ ਹਨ। ਕ੍ਰਿਸ ਗੇਲ ਨੇ 483 ਮੈਚਾਂ 'ਚ ਇਹ ਛੱਕੇ ਲਗਾਏ ਹਨ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ 442 ਮੈਚਾਂ 'ਚ 529 ਛੱਕੇ ਲਗਾਏ ਹਨ।
ਜਾਣੋ ਹੁਣ ਤੱਕ ਦਾ ਅੰਤਰਰਾਸ਼ਟਰੀ ਕਰੀਅਰ
ਰੋਹਿਤ ਸ਼ਰਮਾ ਨੇ ਹੁਣ ਤੱਕ 51 ਟੈਸਟ, 243 ਵਨਡੇ ਅਤੇ 148 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਟੈਸਟ ਦੀਆਂ 86 ਪਾਰੀਆਂ 'ਚ ਉਸ ਨੇ 45.97 ਦੀ ਔਸਤ ਨਾਲ 3540 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਸ ਨੇ ਵਨਡੇ ਵਿਚ 48.63 ਦੀ ਔਸਤ ਨਾਲ 9825 ਦੌੜਾਂ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 31.32 ਦੀ ਔਸਤ ਅਤੇ 139.24 ਦੀ ਸਟ੍ਰਾਈਕ ਰੇਟ ਨਾਲ 3853 ਦੌੜਾਂ ਬਣਾਈਆਂ ਹਨ। ਹੁਣ ਤੱਕ ਤਿੰਨੋਂ ਫਾਰਮੈਟਾਂ 'ਚ ਉਸ ਦੇ ਬੱਲੇ ਤੋਂ 44 ਸੈਂਕੜੇ ਅਤੇ 91 ਅਰਧ ਸੈਂਕੜੇ ਲੱਗ ਚੁੱਕੇ ਹਨ।