T20 WC 2022: ਦੱਖਣੀ ਅਫਰੀਕਾ ਖਿਲਾਫ਼ ਮੈਚ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ, ਫ਼ਖ਼ਰ ਜ਼ਮਾਂ ਹੋਏ ਜ਼ਖ਼ਮੀ
T20 World Cup 2022: ਟੀ-20 ਵਿਸ਼ਵ ਕੱਪ 2022 'ਚ ਪਾਕਿਸਤਾਨੀ ਟੀਮ ਨੂੰ ਫਖਰ ਜ਼ਮਾਨ ਦੇ ਰੂਪ 'ਚ ਵੱਡਾ ਝਟਕਾ ਲੱਗਾ ਹੈ। ਫ਼ਖ਼ਰ ਜ਼ਖਮੀ ਹਨ ਅਤੇ ਉਹ ਅਫਰੀਕਾ ਖਿਲਾਫ਼ ਮੈਚ 'ਚ ਨਹੀਂ ਖੇਡ ਸਕਣਗੇ।
T20 World Cup 2022: ਟੀ-20 ਵਿਸ਼ਵ ਕੱਪ 2022 (T20 World Cup 2022) ਵਿੱਚ ਪਾਕਿਸਤਾਨੀ ਟੀਮ ਦੀ ਹਾਲਤ ਪਹਿਲਾਂ ਹੀ ਚੰਗੀ ਨਹੀਂ ਹੈ। ਇਸ ਦੇ ਨਾਲ ਹੀ ਹੁਣ ਟੀਮ ਨੂੰ ਫ਼ਖ਼ਰ ਜ਼ਮਾਂ (Fakhar Zaman) ਦੇ ਰੂਪ 'ਚ ਵੱਡਾ ਝਟਕਾ ਲੱਗਾ ਹੈ। ਫ਼ਖ਼ਰ ਜ਼ਮਾਂ ਨੀਦਰਲੈਂਡ ਖਿਲਾਫ਼ ਖੇਡੇ ਗਏ ਮੈਚ 'ਚ ਜ਼ਖਮੀ ਹੋ ਗਿਆ ਸੀ ਅਤੇ ਉਹ ਦੱਖਣੀ ਅਫਰੀਕਾ ਖਿਲਾਫ਼ ਖੇਡੇ ਗਏ ਮੈਚ 'ਚ ਨਹੀਂ ਖੇਡ ਸਕੇਗਾ। ਦੱਖਣੀ ਅਫਰੀਕਾ ਅਤੇ ਪਾਕਿਸਤਾਨ ਵਿਚਾਲੇ ਮੈਚ 3 ਨਵੰਬਰ ਨੂੰ ਖੇਡਿਆ ਜਾਵੇਗਾ।
ਗੋਡੇ 'ਤੇ ਲੱਗੀ ਸੱਟ
ਨੀਦਰਲੈਂਡ ਖਿਲਾਫ਼ ਖੇਡੇ ਗਏ ਮੈਚ 'ਚ ਫ਼ਖ਼ਰ ਜ਼ਮਾਂ ਦਾ ਗੋਡਾ ਮੋੜ ਗਿਆ ਸੀ। ਉਸ ਮੈਚ 'ਚ ਫ਼ਖ਼ਰ ਜ਼ਮਾਂ ਨੇ 16 ਗੇਂਦਾਂ 'ਚ 3 ਚੌਕਿਆਂ ਦੀ ਮਦਦ ਨਾਲ 20 ਦੌੜਾਂ ਦੀ ਪਾਰੀ ਖੇਡੀ ਸੀ। ਫ਼ਖ਼ਰ ਜ਼ਮਾਂ ਦੀ ਸੱਟ ਟੀਮ ਦੇ ਬੱਲੇਬਾਜ਼ੀ ਕ੍ਰਮ ਲਈ ਵੱਡਾ ਨੁਕਸਾਨ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਰਾਸ਼ਿਦ ਲਤੀਫ ਨੇ ਖੁਲਾਸਾ ਕੀਤਾ ਹੈ ਕਿ ਫਖਰ ਦੱਖਣੀ ਅਫਰੀਕਾ ਖਿਲਾਫ਼ ਖੇਡੇ ਜਾਣ ਵਾਲੇ ਮੈਚ 'ਚ ਨਹੀਂ ਖੇਡ ਸਕਣਗੇ।
ਆਪਣੇ ਯੂਟਿਊਬ ਚੈਨਲ 'ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਫ਼ਖ਼ਰ ਜ਼ਮਾਂ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨੀ ਟੀਮ ਦਾ ਹਿੱਸਾ ਨਹੀਂ ਹੋਵੇਗਾ। ਉਸ ਦੇ ਗੋਡੇ ਦੀ ਸੱਟ ਹੈ ਅਤੇ ਉਹ ਲਗਭਗ 4-6 ਹਫ਼ਤਿਆਂ ਲਈ ਬਾਹਰ ਹੋ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਉਸ ਨੂੰ ਲਗਭਗ ਇੱਕ ਮਹੀਨੇ ਤੱਕ ਮੁੜ ਵਸੇਬੇ ਵਿੱਚ ਰਹਿਣਾ ਪਵੇਗਾ। ਜਿੱਥੋਂ ਤੱਕ ਮੈਨੂੰ ਪਤਾ ਹੈ, ਇਹ ਸ਼ਾਹੀਨ ਅਫਰੀਦੀ ਵਾਂਗ ਹੀ ਸੱਟ ਹੈ। ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਵੇਗਾ।”
ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੇ ਫਖਰ ਕੋਲ ਵੱਡੇ ਸ਼ਾਟ ਮਾਰਨ ਦੀ ਸਮਰੱਥਾ ਹੈ। ਟੀਮ ਦਾ ਮੱਧਕ੍ਰਮ ਪਹਿਲਾਂ ਹੀ ਬਹੁਤ ਕਮਜ਼ੋਰ ਹੈ। ਅਜਿਹੇ 'ਚ ਫਖਰ ਦਾ ਬਾਹਰ ਹੋਣਾ ਕਿਸੇ ਵੀ ਤਰ੍ਹਾਂ ਪਾਕਿਸਤਾਨੀ ਟੀਮ ਲਈ ਚੰਗੀ ਖਬਰ ਨਹੀਂ ਹੈ।
ਮੁਸ਼ਕਲ ਸਥਿਤੀ 'ਚ ਹੈ ਪਾਕਿਸਤਾਨ
ਇਸ ਵਾਰ ਦੇ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਹੁਣ ਤੱਕ ਮੁਸੀਬਤ 'ਚ ਘਿਰਿਆ ਨਜ਼ਰ ਆ ਰਿਹਾ ਹੈ। ਟੀਮ ਨੂੰ ਪਹਿਲਾਂ ਭਾਰਤੀ ਟੀਮ ਖਿਲਾਫ ਖੇਡੇ ਗਏ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਜ਼ਿੰਬਾਬਵੇ ਖਿਲਾਫ ਦੂਜੀ ਹਾਰ ਤੋਂ ਬਾਅਦ ਟੀਮ ਦੀ ਸਥਿਤੀ ਕਾਫੀ ਕਮਜ਼ੋਰ ਹੋ ਗਈ ਅਤੇ ਹੁਣ ਟੀਮ ਨੂੰ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਦੂਜਿਆਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ।