T20 World Cup 2022: ਆਸਟ੍ਰੇਲੀਆ 'ਚ ਖੇਡੇ ਜਾ ਰਹੇ T20 ਵਿਸ਼ਵ ਕੱਪ 'ਚ ਟੀਮ ਇੰਡੀਆ ਦੀ ਮੁਹਿੰਮ 23 ਅਕਤੂਬਰ ਨੂੰ ਪਾਕਿਸਤਾਨ ਦੇ ਖ਼ਿਲਾਫ਼ ਮੈਚ ਨਾਲ ਸ਼ੁਰੂ ਹੋਣ ਵਾਲੀ ਹੈ। ਦੁਨੀਆ ਭਰ ਦੇ ਕ੍ਰਿਕਟ ਫੈਨਜ਼ ਦੀਆਂ ਨਜ਼ਰਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਇਸ ਹਾਈਵੋਲਟੇਜ ਮੈਚ 'ਤੇ ਟਿਕੀਆਂ ਹੋਈਆਂ ਹਨ। ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦਾ ਮੰਨਣਾ ਹੈ ਕਿ ਜੇਕਰ ਟੀਮ ਇੰਡੀਆ ਪਾਕਿਸਤਾਨ ਨੂੰ ਹਰਾਉਣ 'ਚ ਸਫਲ ਰਹਿੰਦੀ ਹੈ ਤਾਂ ਉਹ ਟੀ-20 ਵਿਸ਼ਵ ਕੱਪ ਜਿੱਤ ਸਕਦੀ ਹੈ।


ਪਿਛਲੇ ਸਾਲ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਇਹ ਪਹਿਲਾ ਮੌਕਾ ਸੀ ਜਦੋਂ ਪਾਕਿਸਤਾਨ ਨੇ ਵਿਸ਼ਵ ਕੱਪ ਦੇ ਕਿਸੇ ਮੈਚ 'ਚ ਭਾਰਤ ਨੂੰ ਹਰਾਇਆ ਸੀ। ਇਸ ਵਾਰ ਫੈਨਜ਼ ਨੂੰ ਟੀਮ ਇੰਡੀਆ ਵੱਲੋਂ ਪਿਛਲੀ ਹਾਰ ਦਾ ਬਦਲਾ ਲੈਣ ਦੀ ਉਮੀਦ ਹੈ। ਸੁਰੇਸ਼ ਰੈਨਾ ਨੇ ਇਸ ਨੂੰ ਦੇਖਦੇ ਹੋਏ ਕਿਹਾ, "ਯਕੀਨਨ, ਜੇਕਰ ਅਸੀਂ ਸ਼ੁਰੂਆਤੀ ਮੈਚ 'ਚ ਪਾਕਿਸਤਾਨ ਨੂੰ ਹਰਾਉਂਦੇ ਹਾਂ ਤਾਂ ਸਾਡਾ ਵਿਸ਼ਵ ਕੱਪ ਜਿੱਤਣਾ ਤੈਅ ਹੈ।"


ਸੁਰੇਸ਼ ਰੈਨਾ ਦਾ ਮੰਨਣਾ ਹੈ ਕਿ ਟੀਮ ਇੰਡੀਆ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ। ਸਾਬਕਾ ਕ੍ਰਿਕਟਰ ਨੇ ਕਿਹਾ, "ਭਾਰਤੀ ਟੀਮ ਇਸ ਸਮੇਂ ਚੰਗੀ ਫਾਰਮ 'ਚ ਹੈ। ਸ਼ਮੀ ਨੇ ਜ਼ਖ਼ਮੀ ਬੁਮਰਾਹ ਦੀ ਜਗ੍ਹਾ ਲਈ ਹੈ। ਸਾਡੀ ਗੇਂਦਬਾਜ਼ੀ ਚੰਗੀ ਹੈ। ਸਾਡੇ ਕੋਲ ਅਰਸ਼ਦੀਪ ਹੈ। ਸੂਰਿਆਕੁਮਾਰ ਸ਼ਾਨਦਾਰ ਫਾਰਮ 'ਚ ਹੈ। ਵਿਰਾਟ ਕੋਹਲੀ ਨੇ ਵੀ ਆਪਣਾ ਪੁਰਾਣਾ ਫਾਰਮ ਮੁੜ ਹਾਸਲ ਕਰ ਲਿਆ ਹੈ।"


ਸ਼ਮੀ ਨੂੰ ਪਰਫੈਕਟ ਰਿਪਲੇਸਮੈਂਟ ਦੱਸਿਆ


ਰੈਨਾ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ, "ਰੋਹਿਤ ਸ਼ਰਮਾ ਕਪਤਾਨ ਦੇ ਤੌਰ 'ਤੇ ਸ਼ਾਨਦਾਰ ਹੈ। ਜੇਕਰ ਅਸੀਂ ਜਿੱਤ ਨਾਲ ਸ਼ੁਰੂਆਤ ਕਰਦੇ ਹਾਂ ਤਾਂ ਇਹ ਸਾਡੇ ਲਈ ਬਹੁਤ ਵਧੀਆ ਹੋਵੇਗਾ। ਪੂਰਾ ਦੇਸ਼ ਟੀਮ ਨਾਲ ਖੜ੍ਹਾ ਹੈ। ਸਾਨੂੰ ਉਮੀਦ ਹੈ ਕਿ ਇਸ ਵਾਰ ਟੀਮ ਇੰਡੀਆ ਟੀ-20 ਵਿਸ਼ਵ ਕੱਪ ਜ਼ਰੂਰ ਜਿੱਤੇਗੀ।"


ਦੱਸ ਦੇਈਏ ਕਿ ਪਿਛਲੇ ਹਫਤੇ ਹੀ ਮੁਹੰਮਦ ਸ਼ਮੀ ਨੇ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਵਿਸ਼ਵ ਕੱਪ ਟੀਮ 'ਚ ਸ਼ਾਮਲ ਕੀਤਾ ਹੈ। ਅਭਿਆਸ ਮੈਚ 'ਚ ਹੀ ਸ਼ਮੀ ਨੇ ਆਪਣੀ ਫਾਰਮ ਅਤੇ ਫਿਟਨੈੱਸ ਨੂੰ ਸਾਬਤ ਕੀਤਾ। ਸ਼ਮੀ ਨੇ ਮੈਦਾਨ 'ਤੇ ਵਾਪਸੀ ਕਰਦੇ ਹੀ ਇਕ ਓਵਰ 'ਚ 3 ਵਿਕਟਾਂ ਲੈ ਕੇ ਭਾਰਤ ਨੂੰ 6 ਦੌੜਾਂ ਨਾਲ ਜਿੱਤ ਦਿਵਾਈ ਸੀ। ਰੈਨਾ ਨੇ ਸ਼ਮੀ ਨੂੰ ਬੁਮਰਾਹ ਦਾ ਪਰਫੈਕਟ ਰਿਪਲੇਸਮੈਂਟ ਦੱਸਿਆ ਹੈ।