T20 World Cup 2022: ਜ਼ਿੰਬਾਬਵੇ ਤੋਂ ਮਿਲੀ ਹਾਰ ਬਾਅਦ ਪਾਕਿਸਤਾਨ ਸੈਮੀਫਾਈਨਲ ਦੀ ਦੌੜ ਤੋਂ ਲਗਭਗ ਬਾਹਰ, ਜਾਣੋ ਹੁਣ ਕੀ ਹੈ ਸਮੀਕਰਨ
Pakistan Cricket Team: ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਨੂੰ ਲਗਾਤਾਰ ਦੋ ਮੈਚ ਹਾਰੇ ਹਨ। ਸੈਮੀਫਾਈਨਲ 'ਚ ਜਾਣ ਲਈ ਲਗਾਤਾਰ ਤਿੰਨ ਜਿੱਤਾਂ ਦੇ ਨਾਲ-ਨਾਲ ਕਿਸਮਤ ਦਾ ਵੀ ਸਾਥ ਚਾਹੀਦਾ।
Pakistan Cricket Team: ਟੀ-20 ਵਿਸ਼ਵ ਕੱਪ 2022 ਵਿੱਚ ਪਾਕਿਸਤਾਨ ਕ੍ਰਿਕਟ ਟੀਮ ਲਈ ਹੁਣ ਤੱਕ ਕੁਝ ਵੀ ਠੀਕ ਨਹੀਂ ਹੋਇਆ ਹੈ। ਭਾਰਤ ਖ਼ਿਲਾਫ਼ ਪਹਿਲਾ ਮੈਚ ਹਾਰਨ ਤੋਂ ਬਾਅਦ ਪਾਕਿਸਤਾਨ ਨੂੰ ਜ਼ਿੰਬਾਬਵੇ ਖ਼ਿਲਾਫ਼ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਪਾਕਿਸਤਾਨ ਦੀ ਟੀਮ ਸੈਮੀਫਾਈਨਲ ਦੀ ਦੌੜ ਤੋਂ ਲਗਭਗ ਬਾਹਰ ਹੋ ਗਈ ਹੈ। ਸੈਮੀਫਾਈਨਲ 'ਚ ਜਾਣ ਲਈ ਪਾਕਿਸਤਾਨ ਨੂੰ ਹੁਣ ਚੰਗੇ ਪ੍ਰਦਰਸ਼ਨ ਦੇ ਨਾਲ-ਨਾਲ ਕਿਸਮਤ ਦਾ ਵੀ ਸਹਾਰਾ ਲੈਣਾ ਹੋਵੇਗਾ। ਜ਼ਿੰਬਾਬਵੇ ਨੇ ਉਸ ਨੂੰ ਇੱਕ ਦੌੜ ਨਾਲ ਹਰਾ ਕੇ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਪਾਕਿਸਤਾਨ ਜਿਸ ਗਰੁੱਪ 'ਚ ਹੈ, ਉਸ 'ਚੋਂ ਭਾਰਤ ਦਾ ਸੈਮੀਫਾਈਨਲ 'ਚ ਜਾਣਾ ਸਭ ਤੋਂ ਆਸਾਨ ਜਾਪ ਰਿਹਾ ਹੈ। ਭਾਰਤ ਨੇ ਹੁਣ ਤੱਕ ਖੇਡੇ ਗਏ ਆਪਣੇ ਦੋਵੇਂ ਮੈਚ ਜਿੱਤੇ ਹਨ ਅਤੇ ਹੁਣ ਉਸ ਨੂੰ ਸੈਮੀਫਾਈਨਲ 'ਚ ਜਾਣ ਲਈ ਅਗਲੇ ਤਿੰਨ 'ਚੋਂ ਦੋ ਮੈਚ ਜਿੱਤਣੇ ਹੋਣਗੇ। ਦੱਖਣੀ ਅਫਰੀਕਾ ਦੇ ਵੀ ਦੋ ਮੈਚਾਂ ਵਿੱਚ ਤਿੰਨ ਅੰਕ ਹਨ ਅਤੇ ਜੇਕਰ ਉਹ ਅਗਲੇ ਤਿੰਨ ਮੈਚ ਜਿੱਤ ਲੈਂਦਾ ਹੈ ਤਾਂ ਉਹ ਆਰਾਮ ਨਾਲ ਸੈਮੀਫਾਈਨਲ ਵਿੱਚ ਪਹੁੰਚ ਜਾਵੇਗਾ। ਪਾਕਿਸਤਾਨ ਨੂੰ ਹੁਣ ਸੈਮੀਫਾਈਨਲ 'ਚ ਜਾਣ ਲਈ ਆਖਰੀ ਤਿੰਨ ਮੈਚ ਜਿੱਤਣੇ ਹੋਣਗੇ ਅਤੇ ਇਸ ਦੇ ਨਾਲ ਹੀ ਉਮੀਦ ਹੈ ਕਿ ਬਾਕੀ ਟੀਮਾਂ ਦੇ ਨਤੀਜੇ ਵੀ ਉਸ ਦੇ ਹੱਕ 'ਚ ਹੋਣਗੇ।
ਸੈਮੀਫਾਈਨਲ 'ਚ ਕਿਵੇਂ ਜਾ ਸਕਦਾ ਹੈ ਪਾਕਿਸਤਾਨ?
ਜੇਕਰ ਪਾਕਿਸਤਾਨ ਦੀ ਟੀਮ ਦੱਖਣੀ ਅਫਰੀਕਾ, ਨੀਦਰਲੈਂਡ ਅਤੇ ਬੰਗਲਾਦੇਸ਼ ਖਿਲਾਫ ਆਪਣੇ ਮੈਚ ਜਿੱਤ ਵੀ ਲੈਂਦੀ ਹੈ ਤਾਂ ਵੀ ਉਸ ਦੀ ਫਾਈਨਲ ਟਿਕਟ ਪੱਕੀ ਨਹੀਂ ਹੋਵੇਗੀ। ਲਗਾਤਾਰ ਤਿੰਨੋਂ ਮੈਚ ਜਿੱਤਣ ਦੇ ਨਾਲ-ਨਾਲ ਉਨ੍ਹਾਂ ਨੂੰ ਇਹ ਵੀ ਉਮੀਦ ਕਰਨੀ ਪਵੇਗੀ ਕਿ ਹੁਣ ਦੱਖਣੀ ਅਫਰੀਕਾ ਤਿੰਨ ਵਿੱਚੋਂ ਦੋ ਮੈਚ ਹਾਰੇ। ਜੇ ਦੱਖਣੀ ਅਫ਼ਰੀਕਾ ਦੋ ਮੈਚ ਵੀ ਜਿੱਤਦਾ ਹੈ ਤਾਂ ਪਾਕਿਸਤਾਨ ਤਿੰਨ ਮੈਚ ਜਿੱਤ ਕੇ ਵੀ ਇੱਕ ਅੰਕ ਪਿੱਛੇ ਰਹਿ ਜਾਵੇਗਾ।
ਦੱਖਣੀ ਅਫਰੀਕਾ ਨੇ ਭਾਰਤ, ਪਾਕਿਸਤਾਨ ਅਤੇ ਨੀਦਰਲੈਂਡ ਦੇ ਖ਼ਿਲਾਫ਼ ਮੈਚ ਖੇਡਣੇ ਹਨ। ਅਜਿਹੇ 'ਚ ਪਾਕਿਸਤਾਨ ਦੇ ਪ੍ਰਸ਼ੰਸਕ ਉਮੀਦ ਕਰ ਸਕਦੇ ਹਨ ਕਿ ਦੱਖਣੀ ਅਫਰੀਕਾ ਅਜੇ ਵੀ ਦੋ ਮੈਚ ਹਾਰ ਸਕਦਾ ਹੈ। ਫਿਲਹਾਲ ਪਾਕਿਸਤਾਨ ਲਈ ਅੱਗੇ ਦਾ ਸਫਰ ਕਾਫੀ ਮੁਸ਼ਕਿਲ ਹੋ ਗਿਆ ਹੈ।