Gill Century Celebration: ਭਾਰਤੀ ਟੀਮ ਦੇ ਸਟਾਰ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ਵਿੱਚ ਸ਼ਾਨਦਾਰ ਦੋਹਰਾ ਸੈਂਕੜਾ ਲਗਾਇਆ। ਗਿੱਲ ਨੇ 149 ਗੇਂਦਾਂ 'ਤੇ 19 ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ 208 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਮੈਚ ਤੋਂ ਬਾਅਦ ਪੂਰੀ ਟੀਮ ਨੇ ਕੇਕ ਕੱਟ ਕੇ ਆਪਣੇ ਦੋਹਰੇ ਸੈਂਕੜੇ ਦਾ ਜਸ਼ਨ ਮਨਾਇਆ। ਬੀਸੀਸੀਆਈ ਨੇ ਟੀਮ ਦੇ ਇਸ ਜਸ਼ਨ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।




ਟੀਮ ਨੇ ਗਿੱਲ ਦੇ ਦੋਹਰੇ ਸੈਂਕੜੇ ਦਾ ਜਸ਼ਨ ਮਨਾਇਆ


ਬੀਸੀਸੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਸ਼ੁਭਮਨ ਗਿੱਲ ਦੇ ਦੋਹਰਾ ਸੈਂਕੜਾ ਲਗਾਉਣ ਤੋਂ ਬਾਅਦ ਪੂਰੀ ਭਾਰਤੀ ਟੀਮ ਅਤੇ ਕੋਚਿੰਗ ਸਟਾਫ ਕੇਕ ਕੱਟ ਕੇ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਗਿੱਲ ਕੇਕ ਕੱਟ ਰਹੇ ਹਨ। ਇਸ ਦੇ ਨਾਲ ਹੀ ਹਾਰਦਿਕ ਪੰਡਯਾ ਅਤੇ ਵਿਰਾਟ ਕੋਹਲੀ ਗਿੱਲ ਦੀ ਇਸ ਸ਼ਾਨਦਾਰ ਪਾਰੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।


ਪੰਡਯਾ ਨੇ ਗਿੱਲ ਦੀ ਤਾਰੀਫ ਕਰਦੇ ਹੋਏ ਕਿਹਾ ਕਿ 'ਇਹ ਉਨ੍ਹਾਂ ਦੇ ਪੂਰੇ ਕਰੀਅਰ 'ਚ ਸਭ ਤੋਂ ਵਧੀਆ ਪ੍ਰਦਰਸ਼ਨਾਂ 'ਚੋਂ ਇਕ ਹੈ'। ਇਸ ਦੇ ਨਾਲ ਹੀ ਕੋਹਲੀ ਨੇ ਗਿੱਲ ਦੀ ਤਾਰੀਫ ਕਰਦੇ ਹੋਏ ਕਿਹਾ ਕਿ 'ਮੈਂ ਇਸ ਨੂੰ ਸ਼ਾਨਦਾਰ ਕਹਾਂਗਾ ਅਤੇ ਉਸ ਦੇ ਆਉਣ ਵਾਲੇ ਕਰੀਅਰ ਲਈ ਉਸ ਨੂੰ ਸ਼ੁਭਕਾਮਨਾਵਾਂ ਦੇਣਾ ਚਾਹਾਂਗਾ।'


ਸਭ ਤੋਂ ਘੱਟ ਉਮਰ ਦਾ ਦੋਹਰਾ ਸੈਂਕੜਾ


ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਵਨਡੇ ਵਿੱਚ ਦੋਹਰਾ ਸੈਂਕੜਾ ਲਗਾ ਕੇ ਇੱਕ ਵੱਡਾ ਰਿਕਾਰਡ ਬਣਾ ਲਿਆ ਹੈ। ਉਹ ਦੋਹਰਾ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣ ਗਏ ਹਨ। ਸ਼ੁਭਮਨ ਨੇ ਇਹ ਕਾਰਨਾਮਾ 23 ਸਾਲ 132 ਦਿਨਾਂ 'ਚ ਕੀਤਾ ਹੈ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਈਸ਼ਾਨ ਕਿਸ਼ਨ ਦੇ ਨਾਂ ਸੀ, ਉਨ੍ਹਾਂ ਨੇ 24 ਸਾਲ 145 ਦਿਨ ਦੀ ਉਮਰ 'ਚ ਬੰਗਲਾਦੇਸ਼ ਖਿਲਾਫ ਵਨਡੇ 'ਚ ਦੋਹਰਾ ਸੈਂਕੜਾ ਲਗਾਇਆ ਸੀ। ਕਿਸ਼ਨ ਨੇ ਇਹ ਸੈਂਕੜਾ ਬੰਗਲਾਦੇਸ਼ ਖਿਲਾਫ ਖੇਡੀ ਗਈ ਸੀਰੀਜ਼ 'ਚ ਲਗਾਇਆ ਸੀ।