IND vs AUS 1st ODI Story: 6 ਦਸੰਬਰ 1980...ਮੈਲਬੋਰਨ ਕ੍ਰਿਕਟ ਗਰਾਊਂਡ...ਭਾਰਤ ਤੇ ਆਸਟ੍ਰੇਲੀਆ ਵਿਚਕਾਰ ਪਹਿਲਾ ਵਨਡੇ ਮੈਚ। ਆਸਟਰੇਲੀਆ ਦੇ ਮਹਾਨ ਖਿਡਾਰੀ ਤੇ ਕਪਤਾਨ ਗ੍ਰੇਗ ਚੈਪਲ ਟਾਸ ਜਿੱਤਦੇ ਹਨ ਤੇ ਭਾਰਤੀ ਦਿੱਗਜ ਖਿਡਾਰੀ ਸੁਨੀਲ ਗਾਵਸਕਰ ਨੂੰ ਬੱਲਾ ਸੌਂਪ ਦਿੰਦੇ ਹਨ। ਕਪਤਾਨ ਗਾਵਸਕਰ ਬੱਲੇ ਨਾਲ ਓਪਨਿੰਗ ਲਈ ਚੱਲ ਪੈਂਦੇ ਹਨ। 


ਸਕੋਰ ਬੋਰਡ 'ਤੇ ਸਿਰਫ 12 ਦੌੜਾਂ ਹੀ ਹੁੰਦੀਆਂ ਹਨ ਤਾਂ ਗਾਵਸਕਰ (4) ਨੂੰ ਪੈਵੇਲੀਅਨ ਪਰਤਣਾ ਪੈਂਦਾ ਹੈ। ਥੋੜ੍ਹੇ ਸਮੇਂ ਦੇ ਅੰਦਰ ਹੀ ਦੂਜੇ ਸਲਾਮੀ ਬੱਲੇਬਾਜ਼ ਤਿਰੂਮਲਾਈ ਸ੍ਰੀਨਿਵਾਸਨ (6) ਵੀ ਵਿਕਟ ਦੇ ਬਹਿੰਦੇ ਹਨ। ਇਹ ਦੋਵੇਂ ਵਿਕਟਾਂ ਆਸਟਰੇਲੀਆ ਦੇ ਮਹਾਨ ਗੇਂਦਬਾਜ਼ ਡੇਨਿਸ ਲਿਲੀ ਦੇ ਨਾਂ ਜਾਂਦੀਆਂ ਹਨ। ਭਾਰਤੀ ਟੀਮ ਇਸ ਇਤਿਹਾਸਕ ਮੈਚ ਦੀ ਸ਼ੁਰੂਆਤ ਵਿੱਚ ਹੀ ਦਬਾਅ ਵਿੱਚ ਆ ਜਾਂਦੀ ਹੈ।


ਇਹ ਮੈਚ 'ਬੈਂਸਨ ਐਂਡ ਹੇਜੇਸ ਵਰਲਡ ਸੀਰੀਜ਼' ਦਾ ਸੀ ਤੇ ਭਾਰਤ ਤੇ ਆਸਟ੍ਰੇਲੀਆ ਦੇ ਨਾਲ-ਨਾਲ ਨਿਊਜ਼ੀਲੈਂਡ ਵੀ ਇਸ ਸੀਰੀਜ਼ 'ਚ ਸੀ। ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਟੀਮ ਵਨਡੇ ਮੈਚ ਖੇਡਣ ਆਸਟ੍ਰੇਲੀਆ ਆਈ ਸੀ। ਜਿਸ ਤਰ੍ਹਾਂ ਕਿਆਸ ਲਗਾਏ ਜਾ ਰਹੇ ਸਨ ਕਿ ਆਸਟ੍ਰੇਲੀਆ 'ਚ ਵਨਡੇ 'ਚ ਭਾਰਤੀ ਟੀਮ ਨਿਰਾਸ਼ ਹੀ ਹੋਵੇਗੀ, ਇਸ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਹੀ ਹੋਈ ਪਰ ਇਸ ਤੋਂ ਬਾਅਦ ਮੈਚ ਨੇ ਹੌਲੀ-ਹੌਲੀ ਮੋੜ ਲੈਣਾ ਸ਼ੁਰੂ ਕਰ ਦਿੱਤਾ।


ਸੰਦੀਪ ਪਾਟਿਲ ਤੇ ਸਈਅਦ ਕਿਰਮਾਨੀ ਦੀ ਜ਼ਬਰਦਸਤ ਬੱਲੇਬਾਜ਼ੀ



ਦਿਲੀਪ ਵੇਂਗਸਰਕਰ (22) ਤੇ ਗੁਡੱਪਾ ਵਿਸ਼ਵਨਾਥ (22) ਨੇ ਛੋਟੀਆਂ ਪਾਰੀਆਂ ਨਾਲ ਭਾਰਤੀ ਟੀਮ ਨੂੰ ਕੁਝ ਸਹਿਯੋਗ ਦਿੱਤਾ। ਇਸ ਤੋਂ ਬਾਅਦ ਸੰਦੀਪ ਪਾਟਿਲ ਦੀਆਂ 70 ਗੇਂਦਾਂ 'ਤੇ 64 ਦੌੜਾਂ ਤੇ ਵਿਕਟਕੀਪਰ ਸਈਦ ਕਿਰਮਾਨੀ ਦੀਆਂ 52 ਗੇਂਦਾਂ 'ਤੇ 48 ਦੌੜਾਂ ਦੀ ਤੇਜ਼ ਪਾਰੀ ਨੇ ਭਾਰਤ ਨੂੰ 200 ਦਾ ਅੰਕੜਾ ਪਾਰ ਕਰਾ ਦਿੱਤਾ। 49 ਓਵਰਾਂ ਦੇ ਇਸ ਮੈਚ 'ਚ ਭਾਰਤੀ ਟੀਮ ਨੇ 9 ਵਿਕਟਾਂ ਗੁਆ ਕੇ 208 ਦੌੜਾਂ 'ਤੇ ਆਪਣੀ ਪਾਰੀ ਸਮਾਪਤ ਕਰ ਦਿੱਤੀ। ਉਸ ਦੌਰ ਵਿੱਚ, ਵਨਡੇ ਕ੍ਰਿਕਟ ਵਿੱਚ 200+ ਦਾ ਸਕੋਰ ਚੁਣੌਤੀਪੂਰਨ ਸੀ।


ਆਸਟ੍ਰੇਲੀਆ ਦੀ ਜ਼ਬਰਦਸਤ ਸ਼ੁਰੂਆਤ



ਹੁਣ ਭਾਰਤੀ ਗੇਂਦਬਾਜ਼ਾਂ ਦੀ ਵਾਰੀ ਸੀ ਪਰ ਆਸਟ੍ਰੇਲਿਆਈ ਬੱਲੇਬਾਜ਼ਾਂ ਨੇ ਸ਼ੁਰੂਆਤ ਵਿੱਚ ਭਾਰਤੀ ਗੇਂਦਬਾਜ਼ਾਂ ਨੂੰ ਵਿਕਟਾਂ ਲਈ ਤਰਸਾ ਦਿੱਤਾ। ਕੰਗਾਰੂਆਂ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 60 ਦੌੜਾਂ ਜੋੜੀਆਂ। ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਟੀਮ ਆਸਟ੍ਰੇਲੀਆ ਖਿਲਾਫ ਆਪਣੇ ਪਹਿਲੇ ਮੈਚ 'ਚ ਬੁਰੀ ਤਰ੍ਹਾਂ ਹਾਰ ਜਾਵੇਗੀ ਪਰ ਇੱਥੇ ਹੀ ਸੰਦੀਪ ਪਾਟਿਲ ਨੇ ਫਿਰ ਭਾਰਤ ਦੀਆਂ ਉਮੀਦਾਂ ਜਗਾਈਆਂ। ਉਸ ਨੇ ਕਿਮ ਹਿਊਜ਼ (35) ਨੂੰ ਬੋਲਡ ਕਰਕੇ ਆਸਟਰੇਲੀਆ ਨੂੰ ਪਹਿਲਾ ਝਟਕਾ ਦਿੱਤਾ। ਇੱਥੋਂ ਆਸਟ੍ਰੇਲੀਅਨ ਟੀਮ ਇੰਨੀ ਲੜਘੜਾ ਗਈ ਕਿ ਫਿਰ ਉੱਭਰ ਨਾ ਸਕੀ।



ਕੰਗਾਰੂ ਤਾਸ਼ ਦੇ ਪੱਤਿਆਂ ਵਾਂਗ ਖਿੱਲਰੇ


ਆਸਟਰੇਲੀਆ ਦੇ ਸਕੋਰ ਵਿੱਚ ਦੋ ਦੌੜਾਂ ਹੀ ਜੁੜੀਆਂ ਸਨ, ਜਦੋਂ ਜੌਨ ਡੇਸਨ (23) ਰਨ ਆਊਟ ਹੋ ਗਿਆ। 11 ਦੌੜਾਂ ਬਣਾਉਣ ਤੋਂ ਬਾਅਦ ਕਪਤਾਨ ਗ੍ਰੇਗ ਚੈਪਲ (11) ਦਿਲੀਪ ਦੋਸ਼ੀ ਦਾ ਸ਼ਿਕਾਰ ਬਣੇ। ਦੋਸ਼ੀ ਨੇ ਐਲਨ ਬਾਰਡਰ (6) ਨੂੰ ਵੀ ਜਲਦੀ ਹੀ ਪੈਵੇਲੀਅਨ ਭੇਜ ਦਿੱਤਾ। ਕੰਗਾਰੂ ਟੀਮ ਨੇ 80 ਦੌੜਾਂ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ। 


ਇੱਥੋਂ ਆਸਟਰੇਲੀਆਈ ਟੀਮ ਵਾਪਸੀ ਨਹੀਂ ਕਰ ਸਕੀ ਤੇ ਨਿਯਮਤ ਅੰਤਰਾਲ 'ਤੇ ਵਿਕਟਾਂ ਗੁਆ ਕੇ 142 ਦੌੜਾਂ 'ਤੇ ਢਹਿ ਗਈ। ਦਲੀਪ ਦੋਸ਼ੀ ਨੇ ਤਿੰਨ ਤੇ ਰੋਜਰ ਬਿੰਨੀ ਨੇ ਦੋ ਵਿਕਟਾਂ ਲਈਆਂ। ਸੰਦੀਪ ਪਾਟਿਲ ਨੂੰ ਉਸ ਦੇ ਹਰਫ਼ਨਮੌਲਾ ਪ੍ਰਦਰਸ਼ਨ ਲਈ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ। ਇਸ ਤਰ੍ਹਾਂ ਭਾਰਤੀ ਟੀਮ ਨੇ ਭਾਰਤ-ਆਸਟ੍ਰੇਲੀਆ ਵਨਡੇ ਇਤਿਹਾਸ ਦਾ ਪਹਿਲਾ ਮੈਚ 66 ਦੌੜਾਂ ਨਾਲ ਜਿੱਤ ਲਿਆ।