ਇਸ ਸਾਲ ਦੇ ਅੰਤ 'ਚ ਯੂਏਈ ਵਿੱਚ ਖੇਡੇ ਜਾਣ ਵਾਲੇ ਏਸ਼ੀਆ ਕੱਪ 2022 ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਹੋ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੋਮਵਾਰ 8 ਅਗਸਤ ਨੂੰ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਚੋਣਕਾਰਾਂ ਨੇ ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਫਾਈਨਲ 15 ਖਿਡਾਰੀਆਂ ਦੀ ਚੋਣ ਕੀਤੀ, ਪਰ ਪਿਛਲੇ ਕੁਝ ਸਮੇਂ ਤੋਂ ਟੀਮ ਲਈ ਲਗਾਤਾਰ ਖੇਡ ਰਹੇ ਅੱਧੀ ਦਰਜਨ ਦੇ ਕਰੀਬ ਖਿਡਾਰੀਆਂ ਨੂੰ ਮੌਕਾ ਨਹੀਂ ਮਿਲਿਆ।


ਮਲਟੀਨੈਸ਼ਨਲ ਟੂਰਨਾਮੈਂਟ ਲਈ ਸਿਰਫ਼ 15 ਮੈਂਬਰੀ ਟੀਮ ਹੀ ਚੁਣੀ ਜਾਂਦੀ ਹੈ ਅਤੇ ਅਜਿਹੀ ਸਥਿਤੀ 'ਚ ਅੱਧੀ ਦਰਜਨ ਦੇ ਕਰੀਬ ਖਿਡਾਰੀ ਇਸ 'ਚ ਥਾਂ ਨਹੀਂ ਬਣਾ ਸਕੇ। ਹਾਲਾਂਕਿ ਤਿੰਨ ਖਿਡਾਰੀ ਸੰਯੁਕਤ ਅਰਬ ਅਮੀਰਾਤ ਦੀ ਟੀਮ ਨਾਲ ਰਿਜ਼ਰਵ ਦੇ ਤੌਰ 'ਤੇ ਯਾਤਰਾ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਖਿਡਾਰੀਆਂ ਦੀ ਜ਼ਰੂਰਤ ਨਹੀਂ ਪਵੇਗੀ। ਬੀਸੀਸੀਆਈ ਨੇ ਫਾਈਨਲ ਫਿਫਟੀਨ ਤੋਂ ਇਲਾਵਾ ਸ਼੍ਰੇਅਸ ਅਈਅਰ, ਦੀਪਕ ਚਾਹਰ ਅਤੇ ਅਕਸ਼ਰ ਪਟੇਲ ਨੂੰ ਏਸ਼ੀਆ ਕੱਪ 2022 ਲਈ ਟੀਮ 'ਚ ਰਿਜ਼ਰਵ ਖਿਡਾਰੀਆਂ ਵਜੋਂ ਚੁਣਿਆ ਹੈ।


ਅਈਅਰ, ਚਾਹਰ ਅਤੇ ਪਟੇਲ ਤੋਂ ਇਲਾਵਾ ਇਸ਼ਾਨ ਕਿਸ਼ਨ, ਸੰਜੂ ਸੈਮਸਨ ਅਤੇ ਕੁਲਦੀਪ ਯਾਦਵ ਵੀ ਇਸ ਲਿਸਟ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਹੈ। ਇਸ ਤਰ੍ਹਾਂ ਕੁੱਲ 6 ਖਿਡਾਰੀ ਅਜਿਹੇ ਹਨ ਜੋ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ। ਇਸ ਦੇ ਨਾਲ ਹੀ ਹਰਸ਼ਲ ਪਟੇਲ ਅਤੇ ਜਸਪ੍ਰੀਤ ਬੁਮਰਾਹ ਵੀ ਸੱਟ ਕਾਰਨ ਟੀਮ ਤੋਂ ਬਾਹਰ ਹਨ। ਜਸਪ੍ਰੀਤ ਬੁਮਰਾਹ ਪਿੱਠ ਦੀ ਸੱਟ ਕਾਰਨ ਟੀਮ ਨਾਲ ਨਹੀਂ ਹੋਣਗੇ, ਜਦਕਿ ਹਰਸ਼ਲ ਪਟੇਲ ਵੈਸਟਇੰਡੀਜ਼ ਦੌਰੇ ਦੌਰਾਨ ਜ਼ਖ਼ਮੀ ਹੋ ਗਏ ਸਨ।


ਵਿਰਾਟ ਕੋਹਲੀ, ਕੇਐਲ ਰਾਹੁਲ ਦੀ ਹੋਈ ਵਾਪਸੀ


ਅਜਿਹਾ ਵੀ ਨਹੀਂ ਹੈ ਕਿ ਇਹ ਖਿਡਾਰੀ ਕੁਝ ਸਮੇਂ ਤੋਂ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਦਰਅਸਲ ਦੀਪਕ ਚਾਹਰ ਅਤੇ ਕੁਲਦੀਪ ਯਾਦਵ (ਇੱਕ ਮੈਚ) ਨੂੰ ਛੱਡ ਕੇ ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਅਕਸ਼ਰ ਪਟੇਲ ਅਤੇ ਸੰਜੂ ਸੈਮਸਨ ਨੂੰ ਪਿਛਲੀਆਂ ਕੁਝ ਸੀਰੀਜ਼ਾਂ 'ਚ ਕਈ ਮੌਕੇ ਮਿਲੇ ਅਤੇ ਇਨ੍ਹਾਂ ਖਿਡਾਰੀਆਂ ਨੇ ਵੀ ਕਈ ਵਾਰ ਉਹ ਮੌਕੇ ਚੰਗੀ ਤਰ੍ਹਾਂ ਭੁਨਾਏ, ਪਰ ਚੋਣਕਾਰਾਂ ਦੀਆਂ ਉਮੀਦਾਂ 'ਤੇ ਇਹ ਖਿਡਾਰੀ ਖਰ੍ਹੇ ਨਹੀਂ ਉਤਰੇ ਅਤੇ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ।