Sourav Ganguly News : ਇਸ ਵਾਰ ਭਾਰਤੀ ਕ੍ਰਿਕਟ ਬੋਰਡ ਭਾਵ ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਕਾਫੀ ਚਰਚਾ ਹੈ। ਹੁਣ ਤੱਕ ਇਸ ਅਹੁਦੇ ਦੀ ਜ਼ਿੰਮੇਵਾਰੀ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਸੰਭਾਲ ਰਹੇ ਸਨ ਪਰ ਹੁਣ ਉਨ੍ਹਾਂ ਦੀ ਥਾਂ 'ਤੇ 1982 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਰੋਜਰ ਬਿੰਨੀ ਦੇ ਨਾਂ ਦੀ ਚਰਚਾ ਹੋ ਰਹੀ ਹੈ।
ਗਾਂਗੁਲੀ ਨੇ ਇਹ ਅਹੁਦਾ ਲੈਣ ਤੋਂ ਖ਼ੁਦ ਕੀਤਾ ਇਨਕਾਰ
ਬੀਸੀਸੀਆਈ (BCCI) ਦੀ ਜਨਰਲ ਬਾਡੀ ਦੀ ਮੀਟਿੰਗ 18 ਅਕਤੂਬਰ ਨੂੰ ਹੋਣੀ ਹੈ ਜਿਸ ਵਿੱਚ ਬੋਰਡ ਦੇ ਚੇਅਰਮੈਨ ਦੇ ਅਹੁਦੇ ਦਾ ਐਲਾਨ ਕੀਤਾ ਜਾਣਾ ਹੈ। ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਨੇ ਇਸ ਅਹੁਦੇ 'ਤੇ ਬਣੇ ਰਹਿਣ ਦੀ ਇੱਛਾ ਜਤਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੌਰਵ ਗਾਂਗੁਲੀ ਨੂੰ ਆਈਪੀਐਲ ਕਮਿਸ਼ਨਰ ਦੀ ਜ਼ਿੰਮੇਵਾਰੀ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਪ੍ਰਸ਼ੰਸਕਾਂ ਵਿੱਚ ਦਾਦਾ ਦੇ ਨਾਂ ਨਾਲ ਮਸ਼ਹੂਰ ਗਾਂਗੁਲੀ ਨੇ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਨਾਲ ਹੀ ਜੈ ਸ਼ਾਹ ਬੀਸੀਸੀਆਈ ਦੇ ਸਕੱਤਰ ਦੇ ਅਹੁਦੇ 'ਤੇ ਬਣੇ ਰਹਿਣਗੇ। ਇਸ ਦੇ ਨਾਲ ਹੁਣ ਗਾਂਗੁਲੀ ਦੀ ਜਗ੍ਹਾ ਭਾਰਤੀ ਪ੍ਰਤੀਨਿਧੀ ਦੇ ਤੌਰ 'ਤੇ ਅੰਤਰਰਾਸ਼ਟਰੀ ਕ੍ਰਿਕਟ ਕੰਟਰੋਲ ਬੋਰਡ ਹਿੱਸਾ ਲਵੇਗਾ।
ਕਾਂਗਰਸ ਨੇਤਾ ਰਾਜੀਵ ਸ਼ੁਕਲਾ ਬੀਸੀਸੀਆਈ ਦੇ ਉਪ ਪ੍ਰਧਾਨ ਦੇ ਅਹੁਦੇ 'ਤੇ ਬਣੇ ਰਹਿਣਗੇ। ਦੂਜੇ ਪਾਸੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਛੋਟੇ ਭਰਾ ਅਰੁਣ ਸਿੰਘ ਧੂਮਲ ਨੂੰ ਹੁਣ ਆਈਪੀਐਲ ਕਮਿਸ਼ਨਰ ਬਣਾਇਆ ਜਾਵੇਗਾ। ਉਹ ਬ੍ਰਜੇਸ਼ ਪਟੇਲ ਦੀ ਥਾਂ ਲੈਣਗੇ। ਦੂਜੇ ਪਾਸੇ ਮਹਾਰਾਸ਼ਟਰ ਭਾਜਪਾ ਨੇਤਾ ਆਸ਼ੀਸ਼ ਸ਼ੇਲਾਰ ਨੂੰ ਹੁਣ ਬੀਸੀਸੀਆਈ ਦਾ ਖਜ਼ਾਨਚੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਮੁੰਬਈ ਕ੍ਰਿਕਟ ਸੰਘ ਦਾ ਪ੍ਰਧਾਨ ਬਣਨ ਦੀ ਚਰਚਾ ਸੀ। ਐਨਸੀਪੀ ਨੇਤਾ ਸ਼ਰਦ ਪਵਾਰ ਦਾ ਧੜਾ ਇਨ੍ਹਾਂ ਪਿੱਛੇ ਹੈ।
ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸ਼ਵਾਸ਼ਰਮਾ ਦੇ ਕਰੀਬੀ ਸਹਿਯੋਗੀ ਦੇਵਜੀਤ ਸਾਕੀਆ ਨੂੰ ਜਏਸ਼ ਜਾਰਜ ਦੀ ਥਾਂ 'ਤੇ ਬੀਸੀਸੀਆਈ ਦਾ ਨਵਾਂ ਸੰਯੁਕਤ ਸਕੱਤਰ ਨਿਯੁਕਤ ਕੀਤਾ ਜਾ ਰਿਹਾ ਹੈ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਕੀ ਬੀਸੀਸੀਆਈ ਅੰਤਰਰਾਸ਼ਟਰੀ ਕ੍ਰਿਕਟ ਬੋਰਡ ਦੇ ਪ੍ਰਧਾਨ ਦੀ ਚੋਣ ਲੜੇਗਾ ਜਾਂ ਨਹੀਂ। ਪੀਟੀਆਈ ਦੇ ਸੂਤਰਾਂ ਮੁਤਾਬਕ ਬੀਸੀਸੀਆਈ ਵਿੱਚ ਕਿਸ ਅਹੁਦੇ ਦੀ ਜ਼ਿੰਮੇਵਾਰੀ ਕੌਣ ਸੰਭਾਲੇਗਾ, ਇਹ ਤੈਅ ਕਰਨ ਵਿੱਚ ਕੇਂਦਰ ਸਰਕਾਰ ਵਿੱਚ ਇੱਕ ਤਾਕਤਵਰ ਮੰਤਰੀ ਦਾ ਵੱਡਾ ਹੱਥ ਹੈ।
18 ਅਕਤੂਬਰ ਨੂੰ ਮੁੰਬਈ 'ਚ ਹੋਣ ਵਾਲੀ ਬੈਠਕ 'ਚ BCCI ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ ਰੋਜਰ ਬਿੰਨੀ
ਹੁਣ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ 18 ਅਕਤੂਬਰ ਨੂੰ ਮੁੰਬਈ 'ਚ ਹੋਣ ਵਾਲੀ ਬੈਠਕ 'ਚ ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਰੋਜਰ ਬਿੰਨੀ ਨੂੰ ਦਿੱਤੀ ਜਾਵੇਗੀ ਅਤੇ ਇਸ ਲਈ ਕੋਈ ਚੋਣ ਨਹੀਂ ਹੋਵੇਗੀ ਪਰ ਹੁਣ ਖ਼ਬਰ ਹੈ ਕਿ ਸੌਰਵ ਗਾਂਗੁਲੀ ਵੀ ਇਸ ਦੌੜ ਵਿੱਚ ਬਣੇ ਰਹਿਣਾ ਚਾਹੁੰਦੇ ਹਨ ਅਤੇ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ।
ਬਾਕੀ ਅਧਿਕਾਰੀਆਂ ਨੂੰ ਵੀ ਮਿਲੇ ਮੌਕਾ : ਸੌਰਵ ਗਾਂਗੁਲੀ
ਸੌਰਵ ਗਾਂਗੁਲੀ ਨੇ ਬਾਕੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਨੂੰ ਚੋਣ ਲੜਨ ਦਾ ਮੌਕਾ ਦੇਣ। ਇਸ ਦੇ ਨਾਲ ਸੌਰਵ ਗਾਂਗੁਲੀ ਨੇ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸੌਰਵ ਗਾਂਗੁਲੀ ਅਕਤੂਬਰ 2019 ਵਿੱਚ ਬੀਸੀਸੀਆਈ ਦੇ ਪ੍ਰਧਾਨ ਬਣੇ ਸਨ। ਸੌਰਵ ਗਾਂਗੁਲੀ ਦਾ ਕਾਰਜਕਾਲ ਸਿਰਫ 9 ਮਹੀਨੇ ਦਾ ਸੀ। ਪਰ ਬੀਸੀਸੀਆਈ ਦੇ ਸੰਵਿਧਾਨ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਹੋਣ ਕਾਰਨ ਗਾਂਗੁਲੀ ਤਿੰਨ ਸਾਲ ਤੱਕ ਇਸ ਅਹੁਦੇ ’ਤੇ ਬਣੇ ਰਹੇ।
ਟੀਐਮਸੀ ਨੇ ਕੀਤਾ ਵੱਡਾ ਦਾਅਵਾ
ਬੀਸੀਸੀਆਈ ਦੇ ਨਵੇਂ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਟੀਐਮਸੀ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਟੀਐਮਐਸ ਦੀ ਤਰਫੋਂ ਕਿਹਾ ਜਾ ਰਿਹਾ ਹੈ ਕਿ ਭਾਜਪਾ ਸੌਰਵ ਗਾਂਗੁਲੀ ਨੂੰ ਮਾਨਸਿਕ ਤੌਰ 'ਤੇ ਤਸੀਹੇ ਦੇ ਰਹੀ ਹੈ ਕਿਉਂਕਿ ਉਹ ਇਸ ਪਾਰਟੀ ਵਿੱਚ ਸ਼ਾਮਲ ਨਹੀਂ ਹੋਇਆ ਹੈ।
ਟੀਐਮਸੀ ਦੇ ਬੁਲਾਰੇ ਕੁਨਾਲ ਘੋਸ਼ ਨੇ ਕਿਹਾ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਅਜਿਹੀਆਂ ਗੱਲਾਂ ਫੈਲਾਈਆਂ ਗਈਆਂ ਸਨ ਕਿ ਸੌਰਵ ਗਾਂਗੁਲੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਘੋਸ਼ ਨੇ ਕਿਹਾ ਕਿ ਇਹ ਨਿਰੋਲ ਸਿਆਸੀ ਬਦਲਾਖੋਰੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਦੂਜੀ ਵਾਰ ਸਕੱਤਰ ਵਜੋਂ ਇਸ ਅਹੁਦੇ 'ਤੇ ਬਿਰਾਜਮਾਨ ਹੋਣਗੇ ਜਦਕਿ ਗਾਂਗੁਲੀ ਅਜਿਹਾ ਨਹੀਂ ਕਰ ਸਕਦੇ ਹਨ। ਹਾਲਾਂਕਿ ਭਾਜਪਾ ਦੀ ਤਰਫੋਂ ਟੀਐਮਸੀ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਭਗਵਾ ਕੈਂਪ ਵਿੱਚ ਸ਼ਾਮਲ ਕਰਨ ਦੀ ਤਿਆਰੀ ਕੀਤੀ ਗਈ ਸੀ।
ਇਸ ਦੇ ਨਾਲ ਹੀ ਟੀਐਮਸੀ ਦੇ ਬੁਲਾਰੇ ਘੋਸ਼ ਦਾ ਕਹਿਣਾ ਹੈ, 'ਅਸੀਂ ਇਸ ਮਾਮਲੇ 'ਤੇ ਸਿੱਧੇ ਤੌਰ 'ਤੇ ਕੁਝ ਨਹੀਂ ਬੋਲ ਰਹੇ ਹਾਂ। ਕਿਉਂਕਿ ਸੌਰਵ ਗਾਂਗੁਲੀ ਦੇ ਪਾਰਟੀ ਵਿੱਚ ਸ਼ਾਮਲ ਹੋਣ ਦੀ ਚਰਚਾ ਭਾਜਪਾ ਵੱਲੋਂ ਫੈਲਾਈ ਗਈ ਸੀ। ਹੁਣ ਇਹ ਭਾਜਪਾ ਦੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੀਆਂ ਅਟਕਲਾਂ (ਸੌਰਵ ਗਾਂਗੁਲੀ ਦੇ ਦੁਬਾਰਾ ਬੀ.ਸੀ.ਸੀ.ਆਈ. ਪ੍ਰਧਾਨ ਨਾ ਬਣਨ ਦੇ ਪਿੱਛੇ ਦੀ ਰਾਜਨੀਤੀ) 'ਤੇ ਸਫਾਈ ਦੇਵੇ। ਲੱਗਦਾ ਹੈ ਕਿ ਭਾਜਪਾ ਸੌਰਵ ਗਾਂਗੁਲੀ 'ਤੇ ਤਸ਼ੱਦਦ ਕਰ ਰਹੀ ਹੈ।
ਅਮਿਤ ਸ਼ਾਹ ਦਾ ਨਾਂ ਲਏ ਬਿਨਾਂ ਟੀਐਮਸੀ ਆਗੂ ਨੇ ਕਿਹਾ ਕਿ ਕੇਂਦਰ ਦੇ ਵੱਡੇ ਮੰਤਰੀ ਮਈ ਮਹੀਨੇ ਵਿੱਚ ਅਮਿਤ ਸ਼ਾਹ ਦੇ ਘਰ ਰਾਤ ਦੇ ਖਾਣੇ ਲਈ ਗਏ ਸਨ। ਉਨ੍ਹਾਂ ਕਿਹਾ ਕਿ ਸੌਰਵ ਗਾਂਗੁਲੀ ਸਭ ਕੁਝ ਸਾਫ਼-ਸਾਫ਼ ਦੱਸ ਸਕਦੇ ਹਨ ਕਿ ਕੀ ਹੋ ਰਿਹਾ ਹੈ।
ਰਾਜ ਸਭਾ ਮੈਂਬਰ ਡਾਕਟਰ ਸ਼ਾਂਤਨੂ ਘੋਸ਼ ਨੇ ਵੀ ਜਤਾਈ ਹੈਰਾਨੀ
ਇਸ ਦੇ ਨਾਲ ਹੀ ਟੀਐਮਸੀ ਦੇ ਰਾਜ ਸਭਾ ਮੈਂਬਰ ਡਾਕਟਰ ਸ਼ਾਂਤਨੂ ਘੋਸ਼ ਨੇ ਵੀ ਹੈਰਾਨੀ ਜਤਾਈ ਹੈ ਕਿ ਸੌਰਵ ਗਾਂਗੁਲੀ ਨੂੰ ਦੁਬਾਰਾ ਬੀਸੀਸੀਆਈ ਦਾ ਪ੍ਰਧਾਨ ਕਿਉਂ ਨਹੀਂ ਬਣਾਇਆ ਜਾ ਰਿਹਾ। ਉਨ੍ਹਾਂ ਨੇ ਟਵਿੱਟਰ 'ਤੇ ਕਿਹਾ, 'ਰਾਜਨੀਤਿਕ ਬਦਲਾਖੋਰੀ ਦੀ ਇਕ ਹੋਰ ਉਦਾਹਰਣ। ਅਮਿਤ ਸ਼ਾਹ ਦਾ ਬੇਟਾ ਫਿਰ ਸਕੱਤਰ ਦੇ ਅਹੁਦੇ 'ਤੇ ਬੈਠ ਸਕਦਾ ਹੈ ਪਰ ਸੌਰਵ ਗਾਂਗੁਲੀ ਨਹੀਂ। ਕੀ ਇਹ ਮਮਤਾ ਬੈਨਰਜੀ ਦੇ ਰਾਜ ਤੋਂ ਹੋਣ ਕਾਰਨ ਹੈ ਜਾਂ ਭਾਜਪਾ ਵਿੱਚ ਸ਼ਾਮਲ ਨਾ ਹੋਣ ਕਾਰਨ?
ਦੂਜੇ ਪਾਸੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਦਿਲੀਪ ਘੋਸ਼ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕੀਤਾ ਹੈ। ਦਲੀਪ ਘੋਸ਼ ਨੇ ਕਿਹਾ, 'ਸਾਨੂੰ ਨਹੀਂ ਪਤਾ ਕਿ ਸੌਰਵ ਗਾਂਗੁਲੀ ਨੂੰ ਭਾਜਪਾ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਦੋਂ ਹੋਈ।' ਭਾਜਪਾ ਨੇਤਾ ਨੇ ਕਿਹਾ ਕਿ ਸੌਰਵ ਗਾਂਗੁਲੀ ਕ੍ਰਿਕਟ ਜਗਤ ਦੇ ਮਹਾਨ ਖਿਡਾਰੀ ਹਨ। ਪਰ ਕੁਝ ਲੋਕ ਬੀਸੀਸੀਆਈ ਵਿੱਚ ਹੋ ਰਹੇ ਬਦਲਾਅ ਨੂੰ ਲੈ ਕੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ।
ਦਿਲੀਪ ਘੋਸ਼ ਨੇ ਪੁੱਛਿਆ ਕਿ ਕੀ ਉਹ ਸੌਰਵ ਗਾਂਗੁਲੀ ਦੇ ਬੀਸੀਸੀਆਈ ਪ੍ਰਧਾਨ ਬਣਨ ਤੋਂ ਪਹਿਲਾਂ ਕਦੇ ਕਿਸੇ ਅਹੁਦੇ 'ਤੇ ਰਹੇ ਹਨ। ਟੀਐਮਸੀ ਨੂੰ ਹਰ ਮੁੱਦੇ 'ਤੇ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।