Complaint against MS Dhoni: ਭਾਰਤੀ ਟੀਮ ਦੇ ਸਾਬਕਾ ਕਪਤਾਨ ਐਮਐਸ ਧੋਨੀ ਗਲਤ ਕਾਰਨਾਂ ਕਰਕੇ ਸੁਰਖੀਆਂ ਵਿੱਚ ਆ ਗਏ ਹਨ। ਦਰਅਸਲ, ਮਹਿੰਦਰ ਸਿੰਘ ਧੋਨੀ ਦੇ ਖਿਲਾਫ ਬੀ.ਸੀ.ਸੀ.ਆਈ. ਦੇ ਅਧਿਕਾਰੀ ਕੋਲ 'Conflict of Interest' ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਬੀਸੀਸੀਆਈ ਦੇ ਨਿਯਮ 39 ਤਹਿਤ ਬੋਰਡ ਦੀ ਐਥਿਕਸ ਕਮੇਟੀ ਕੋਲ ਦਰਜ ਕਰਵਾਈ ਗਈ ਹੈ।


ਕੀ ਹੈ ਪੂਰਾ ਮਾਮਲਾ?


ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਮੌਰਿਆ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ 15 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ, ਜੋ ਕਿ ਭਾਰਤੀ ਕ੍ਰਿਕਟਰ ਐਮਐਸ ਧੋਨੀ ਨੇ ਰਾਂਚੀ ਦੀ ਸਿਵਲ ਅਦਾਲਤ ਵਿੱਚ ਮਿਹਿਰ ਦਿਵਾਕਰ ਨਾਮ ਦੇ ਵਿਅਕਤੀ ਖ਼ਿਲਾਫ਼ ਦਾਇਰ ਕੀਤਾ ਸੀ। ਬੀਸੀਸੀਆਈ ਦੀ ਐਥਿਕਸ ਕਮੇਟੀ ਨੇ ਇਸ ਸਬੰਧ ਵਿੱਚ ਧੋਨੀ ਤੋਂ 30 ਅਗਸਤ ਤੱਕ ਜਵਾਬ ਮੰਗਿਆ ਹੈ। ਇਸ ਤੋਂ ਇਲਾਵਾ ਰਾਜੇਸ਼ ਕੁਮਾਰ ਮੌਰਿਆ ਨੂੰ ਵੀ 16 ਸਤੰਬਰ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ।



ਐੱਮਐੱਸ ਧੋਨੀ ਨੇ ਰਾਂਚੀ ਸਿਵਲ ਕੋਰਟ 'ਚ ਮਿਹਿਰ ਦਿਵਾਕਰ ਨਾਂ ਦੇ ਵਿਅਕਤੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਇਸ 'ਚ ਮਿਹਿਰ ਦਿਵਾਕਰ ਤੋਂ ਇਲਾਵਾ ਧੋਨੀ ਦੇ ਨਾਲ ਕਾਰੋਬਾਰ ਕਰਨ ਵਾਲੇ ਸੌਮਿਆ ਦਾਸ ਅਤੇ ਆਰਕਾ ਸਪੋਰਟਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ 'ਤੇ ਧੋਖਾਧੜੀ ਦੇ ਦੋਸ਼ ਲਾਏ ਗਏ ਸਨ। ਦੱਸਿਆ ਗਿਆ ਸੀ ਕਿ ਭਾਰਤੀ ਕ੍ਰਿਕਟਰ ਨਾਲ 15 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ।


20 ਮਾਰਚ, 2024 ਨੂੰ ਹੋਈ ਸੁਣਵਾਈ ਵਿੱਚ ਰਾਂਚੀ ਸਿਵਲ ਕੋਰਟ ਨੇ ਮਾਮਲੇ ਨੂੰ ਸਹੀ ਪਾਇਆ ਸੀ, ਜਿਸ ਕਾਰਨ ਮਿਹਿਰ ਦਿਵਾਕਰ, ਸੌਮਿਆ ਦਾਸ ਅਤੇ ਆਰਕਾ ਸਪੋਰਟਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੂੰ ਸੰਮਨ ਭੇਜੇ ਗਏ ਸਨ। ਖਾਸ ਤੌਰ 'ਤੇ ਮਿਹਿਰ ਦਿਵਾਕਰ 'ਤੇ ਧੋਨੀ ਨੇ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਗਾਇਆ ਸੀ। ਇਹ ਸਮਝੌਤਾ ਸਾਲ 2021 ਵਿੱਚ ਖਤਮ ਹੋ ਗਿਆ ਸੀ, ਫਿਰ ਵੀ ਮਿਹਿਰ ਦਿਵਾਕਰ ਦੀ ਕੰਪਨੀ (ਆਰਕਾ ਸਪੋਰਟਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ) ਨੇ ਉਨ੍ਹਾਂ ਦੇ ਨਾਂ ਦੀ ਵਰਤੋਂ ਜਾਰੀ ਰੱਖੀ ਸੀ।



ਇਸ ਸਬੰਧ 'ਚ ਧੋਨੀ ਦੇ ਵਕੀਲ ਦਯਾਨੰਦ ਸਿੰਘ ਨੇ ਦਲੀਲ ਦਿੱਤੀ ਹੈ ਕਿ ਮਿਹਿਰ ਦੀ ਕੰਪਨੀ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਅਕੈਡਮੀਆਂ ਖੋਲ੍ਹੀਆਂ ਹਨ ਪਰ ਇਸ ਦੇ ਬਾਵਜੂਦ ਧੋਨੀ ਨੂੰ ਮੁਨਾਫੇ 'ਚ ਕੋਈ ਹਿੱਸਾ ਨਹੀਂ ਦਿੱਤਾ ਗਿਆ। ਦੱਸਿਆ ਗਿਆ ਕਿ ਇਸ ਕਾਰਨ ਧੋਨੀ ਨੂੰ ਕਰੀਬ 15 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।