RR vs RCB: ਆਈਪੀਐੱਲ 2024 'ਚ ਵਿਰਾਟ ਕੋਹਲੀ ਪਹਿਲੇ ਮੈਚ ਤੋਂ ਹੀ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਹਨ। ਹਾਲਾਂਕਿ ਹੌਲੀ ਸਟ੍ਰਾਈਕ ਰੇਟ ਕਾਰਨ ਵਿਰਾਟ ਦੀ ਆਲੋਚਨਾ ਹੋ ਰਹੀ ਹੈ, ਪਰ ਹੁਣ ਇੰਡੀਅਨ ਪ੍ਰੀਮੀਅਰ ਲੀਗ ਵਿਚ ਉਸ ਦੇ ਨਾਂ ਇਕ ਹੋਰ ਇਤਿਹਾਸਕ ਰਿਕਾਰਡ ਜੁੜ ਗਿਆ ਹੈ। ਕੋਹਲੀ ਕੋਲ ਆਈਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਆਰੇਂਜ ਕੈਪ ਹੈ ਅਤੇ ਹੁਣ ਉਹ ਇਸ ਲੀਗ ਦੇ ਇਤਿਹਾਸ ਵਿੱਚ 7,500 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਰਾਜਸਥਾਨ ਰਾਇਲਜ਼ ਦੇ ਖਿਲਾਫ ਮੈਚ ਤੋਂ ਪਹਿਲਾਂ ਉਹ ਇਸ ਅੰਕੜੇ ਨੂੰ ਛੂਹਣ ਤੋਂ ਸਿਰਫ 34 ਦੌੜਾਂ ਦੂਰ ਸੀ। ਉਸ ਨੇ ਇਹ ਰਿਕਾਰਡ ਆਈਪੀਐਲ ਵਿੱਚ ਆਪਣੇ 242ਵੇਂ ਮੈਚ ਵਿੱਚ ਬਣਾਇਆ ਹੈ।


ਇਹ ਵੀ ਹੈਰਾਨੀਜਨਕ ਤੱਥ ਹੈ ਕਿ ਵਿਰਾਟ ਕੋਹਲੀ ਨੇ ਆਰਸੀਬੀ ਲਈ ਇਹ ਸਾਰੀਆਂ ਦੌੜਾਂ ਬਣਾਈਆਂ ਹਨ ਕਿਉਂਕਿ ਉਹ 2008 ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਤੋਂ ਇਸ ਫਰੈਂਚਾਈਜ਼ੀ ਲਈ ਖੇਡ ਰਹੇ ਹਨ। ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਖੇਡੇ ਜਾ ਰਹੇ ਆਰਆਰ ਬਨਾਮ ਆਰਸੀਬੀ ਮੈਚ ਵਿੱਚ, ਉਸਨੇ ਆਪਣੇ ਆਈਪੀਐਲ ਕਰੀਅਰ ਦਾ 53ਵਾਂ ਅਰਧ ਸੈਂਕੜਾ ਲਗਾਇਆ ਅਤੇ ਕੋਹਲੀ ਇਸ ਲੀਗ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਵੀ ਹਨ। ਕੋਹਲੀ ਨੇ 39 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।


IPL 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਕੋਹਲੀ ਤੋਂ ਬਾਅਦ ਸ਼ਿਖਰ ਧਵਨ ਦੂਜੇ ਨੰਬਰ 'ਤੇ ਹੈ, ਜਿਸ ਨੇ ਆਪਣੇ ਕਰੀਅਰ 'ਚ 221 ਮੈਚ ਖੇਡਦੇ ਹੋਏ 6,755 ਦੌੜਾਂ ਬਣਾਈਆਂ ਹਨ। ਇਸ ਦਾ ਮਤਲਬ ਹੈ ਕਿ ਵਿਰਾਟ ਕੋਹਲੀ IPL 'ਚ ਇਕਲੌਤਾ ਅਜਿਹਾ ਖਿਡਾਰੀ ਹੈ ਜਿਸ ਨੇ 7 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਤੀਜੇ ਸਥਾਨ 'ਤੇ ਡੇਵਿਡ ਵਾਰਨਰ ਹੈ, ਜਿਸ ਨੇ ਹੁਣ ਤੱਕ 180 ਮੈਚਾਂ 'ਚ 6,545 ਦੌੜਾਂ ਬਣਾਈਆਂ ਹਨ।


ਕੋਹਲੀ ਨੇ ਪਹਿਲੇ ਸੀਜ਼ਨ 'ਚ 165 ਅਤੇ ਦੂਜੇ ਸੀਜ਼ਨ 'ਚ 246 ਦੌੜਾਂ ਬਣਾਈਆਂ ਸਨ। ਪਰ 2009 ਤੋਂ ਬਾਅਦ ਕੋਹਲੀ ਨੇ ਆਈਪੀਐਲ ਦੇ ਹਰ ਸੀਜ਼ਨ ਵਿੱਚ 300 ਤੋਂ ਵੱਧ ਦੌੜਾਂ ਬਣਾਈਆਂ ਹਨ ਅਤੇ ਆਈਪੀਐਲ 2024 ਵਿੱਚ ਉਨ੍ਹਾਂ ਦੀ ਫਾਰਮ ਹੁਣ ਤੱਕ ਸ਼ਾਨਦਾਰ ਰਹੀ ਹੈ, ਇਸ ਲਈ ਇਸ ਵਾਰ ਵੀ ਉਹ ਯਕੀਨੀ ਤੌਰ 'ਤੇ ਇਸ ਅੰਕੜੇ ਨੂੰ ਛੂਹਣ ਵਾਲਾ ਹੈ। ਵਿਰਾਟ ਕੋਹਲੀ ਵੀ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਆਈਪੀਐਲ ਦੇ ਕਿਸੇ ਇੱਕ ਸੀਜ਼ਨ ਵਿੱਚ 900 ਤੋਂ ਵੱਧ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 2016 'ਚ 973 ਦੌੜਾਂ ਬਣਾ ਕੇ ਕਈ ਵੱਡੇ ਰਿਕਾਰਡ ਬਣਾਏ ਸਨ।