Virat Kohli instagram: ਵਿਰਾਟ ਕੋਹਲੀ ਭਾਵੇਂ ਹੀ ਕ੍ਰਿਕਟ ਮੈਦਾਨ 'ਚ ਹਾਲੇ ਫਲਾਪ ਚੱਲ ਰਹੇ ਹਨ ਪਰ ਸੋਸ਼ਲ ਮੀਡੀਆ ਦੀ ਦੁਨੀਆ 'ਚ ਅਜੇ ਵੀ ਉਹਨਾਂ ਦਾ ਦਬਦਬਾ ਕਾਇਮ ਹੈ। 33 ਸਾਲਾ ਕੋਹਲੀ ਹਰ ਇੰਸਟਾ ਪੋਸਟ ਤੋਂ 8 ਕਰੋੜ ਰੁਪਏ ਕਮਾ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇਕ ਪੋਸਟ ਨਾਲ ਉਹ ਏਸ਼ੀਆ ਦੇ ਨੰਬਰ 1 ਸਪੋਰਟਸ ਸੈਲੀਬ੍ਰਿਟੀ ਬਣ ਗਏ ਹਨ। 



ਸਿਰਫ਼ ਪੁਰਤਗਾਲੀ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਅਤੇ ਅਰਜਨਟੀਨਾ ਦੇ ਸਟਾਰ ਲਿਓਨਲ ਮੇਸੀ ਹੀ ਉਹਨਾਂ ਤੋਂ ਵੱਧ ਕਮਾਈ ਕਰ ਰਹੇ ਹਨ। hopperhq.com ਨੇ ਹਾਲ ਹੀ ਵਿੱਚ ਆਪਣੀ 2022 ਅਮੀਰਾਂ ਦੀ ਸੂਚੀ ਜਾਰੀ ਕੀਤੀ, ਜਿਸ ਵਿੱਚ ਕੋਹਲੀ 14ਵੇਂ ਨੰਬਰ 'ਤੇ ਹਨ ਪਰ ਏਸ਼ੀਆ 'ਚ ਸਭ ਤੋਂ ਉੱਪਰ ਹਨ । ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ 27ਵੇਂ ਸਥਾਨ 'ਤੇ ਬਰਕਰਾਰ ਹੈ।



ਟਾਪ-15 ਵਿਚ ਵਿਰਾਟ ਕੋਹਲੀ ਇਕਲੌਤੇ ਭਾਰਤੀ ਹਨ। ਉਨ੍ਹਾਂ ਤੋਂ ਇਲਾਵਾ ਪ੍ਰਿਅੰਕਾ ਚੋਪੜਾ ਨੂੰ 27ਵਾਂ ਸਥਾਨ ਮਿਲਿਆ ਹੈ। ਪ੍ਰਿਅੰਕਾ ਹਰ ਪੋਸਟ ਲਈ 3 ਕਰੋੜ ਰੁਪਏ ਕਮਾ ਰਹੀ ਹੈ। ਸਭ ਤੋਂ ਵੱਧ ਤਨਖਾਹ ਲੈਣ ਵਾਲੇ ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਜੋ ਕਿ ਹਰ ਪੋਸਟ ਤੋਂ 19 ਕਰੋੜ ਰੁਪਏ ਕਮਾ ਰਹੇ ਹਨ । ਉਹ ਸੂਚੀ ਦੇ ਟਾਪ 'ਤੇ ਹਨ। 


ਕੋਹਲੀ ਦੇ 20 ਕਰੋੜ ਫਾਲੋਅਰਜ਼ 
ਵਿਰਾਟ ਕੋਹਲੀ ਦੇ ਇੰਸਟਾਗ੍ਰਾਮ 'ਤੇ 20 ਕਰੋੜ ਫਾਲੋਅਰਜ਼ ਹਨ। ਉਹ ਦੁਨੀਆ ਦੇ ਪਹਿਲੇ ਅਜਿਹੇ ਕ੍ਰਿਕਟਰ ਹਨ ਜਿਸ ਦੇ ਇੰਨੇ ਫਾਲੋਅਰਸ ਹਨ। ਇਸ ਪਲੇਟਫਾਰਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਸ ਦੀ ਗੱਲ ਕਰੀਏ ਤਾਂ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਨਾਂ ਦੁਨੀਆ ਭਰ ਦੇ ਖਿਡਾਰੀਆਂ 'ਚ ਸਭ ਤੋਂ ਉੱਪਰ ਆਉਂਦਾ ਹੈ। ਉਹਨਾਂ ਦੇ 442 ਮਿਲੀਅਨ (40.40 ਕਰੋੜ) ਫਾਲੋਅਰਜ਼ ਹਨ। ਰੋਨਾਲਡੋ ਤੋਂ ਬਾਅਦ ਅਰਜਨਟੀਨਾ ਦੇ ਸਟਾਰ ਲਿਓਨਲ ਮੇਸੀ ਦਾ ਨੰਬਰ ਆਉਂਦਾ ਹੈ। ਉਸ ਦੇ 327 ਮਿਲੀਅਨ (32 ਕਰੋੜ) ਪ੍ਰਸ਼ੰਸਕ ਹਨ।