ਅੱਜ ਤੋਂ ਹੀ ਨਹੀਂ, ਸਗੋਂ ਪਿਛਲੇ ਢਾਈ ਸਾਲਾਂ ਤੋਂ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਦਾ ਬਦਲਿਆ ਮੂਡ ਚਰਚਾ 'ਚ ਹੈ। ਇਹ ਅੰਦਾਜ਼ ਨਜ਼ਰ ਨਹੀਂ ਆ ਰਿਹਾ, ਜਿਸ ਲਈ ਵਿਰਾਟ ਨੂੰ ਜਾਣਿਆ ਜਾਂਦਾ ਹੈ। ਮਤਲਬ ਵਿਰਾਟ ਕੋਹਲੀ ਬੱਲੇ ਨਾਲ ਖ਼ਰਾਬ ਫਾਰਮ 'ਚ ਹੈ। ਜਦੋਂ ਖ਼ਰਾਬ ਫਾਰਮ ਹੁੰਦੀ ਹੈ ਤਾਂ ਹੀ ਲੋਕਾਂ ਨੂੰ ਬੋਲਣ ਦਾ ਮੌਕਾ ਮਿਲਦਾ ਹੈ। ਵਿਰਾਟ ਕੋਹਲੀ ਦੀ ਬੱਲੇਬਾਜ਼ੀ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨ ਵੀ ਸਾਹਮਣੇ ਆ ਚੁੱਕੇ ਹਨ। ਪਰ ਵਿਰਾਟ ਦੀ ਖਰਾਬ ਫਾਰਮ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਕਪਤਾਨ ਰਾਸ਼ਿਦ ਲਤੀਫ਼ ਦਾ ਜੋ ਬਿਆਨ ਆਇਆ ਹੈ, ਉਹ ਥੋੜ੍ਹਾ ਅਜੀਬ ਹੈ। ਲਤੀਫ਼ ਨੇ ਵਿਰਾਟ ਕੋਹਲੀ ਦੀ ਖਰਾਬ ਫਾਰਮ ਦੀ ਵਜ੍ਹਾ ਰਵੀ ਸ਼ਾਸਤਰੀ ਨੂੰ ਦੱਸਿਆ ਹੈ।


ਦਰਅਸਲ, ਰਾਸ਼ਿਦ ਲਤੀਫ਼ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਖਰਾਬ ਫਾਰਮ ਦਾ ਕਾਰਨ ਰਵੀ ਸ਼ਾਸਤਰੀ ਹਨ। ਉਨ੍ਹਾਂ ਦੀ ਵਜ੍ਹਾ ਕਰਕੇ ਉਹ ਆਪਣੀ ਬੱਲੇਬਾਜ਼ੀ ਨੂੰ ਲੈ ਕੇ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਹ ਗੱਲ ਇਕ ਯੂ-ਟਿਊਬ ਚੈਨਲ 'ਤੇ ਕਹੀ। ਉਨ੍ਹਾਂ ਕਿਹਾ ਕਿ ਰਵੀ ਸ਼ਾਸਤਰੀ ਨੇ ਹੀ ਵਿਰਾਟ ਕੋਹਲੀ ਨੂੰ ਬ੍ਰੇਕ ਲੈਣ ਦੀ ਸਲਾਹ ਦਿੱਤੀ ਸੀ।


ਵਿਰਾਟ ਦੀ ਖਰਾਬ ਫਾਰਮ ਨੂੰ ਲੈ ਕੇ ਰਾਸ਼ਿਦ ਲਤੀਫ਼ ਦਾ ਬਿਆਨ


ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਅਤੇ ਕਪਤਾਨ ਨੇ ਕਿਹਾ, "ਵਿਰਾਟ ਕੋਹਲੀ ਦੀ ਬੱਲੇਬਾਜ਼ੀ ਦਾ ਤਾਜ਼ਾ ਹਾਲ ਰਵੀ ਸ਼ਾਸਤਰੀ ਕਾਰਨ ਹੈ।" ਉਨ੍ਹਾਂ ਨੇ ਉਸ ਘਟਨਾ ਦਾ ਵੀ ਜ਼ਿਕਰ ਕੀਤਾ ਜਦੋਂ ਸਾਲ 2019 ਵਿੱਚ ਅਨਿਲ ਕੁੰਬਲੇ ਦੀ ਥਾਂ ਰਵੀ ਸ਼ਾਸਤਰੀ ਨੂੰ ਕੋਚਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਲਤੀਫ਼ ਦੇ ਅਨੁਸਾਰ, "ਇਹ ਬਿਲਕੁਲ ਸਹੀ ਕਦਮ ਨਹੀਂ ਸੀ ਕਿਉਂਕਿ ਰਵੀ ਸ਼ਾਸਤਰੀ ਇੱਕ ਕੁਮੈਂਟੇਟਰ ਸਨ। ਉਨ੍ਹਾਂ ਦਾ ਕੋਚਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਮੈਨੂੰ ਇਹ ਵੀ ਨਹੀਂ ਪਤਾ ਕਿ ਉਸ ਦੀ ਚੋਣ ਸੀ ਜਾਂ ਨਹੀਂ।" ਸਾਬਕਾ ਪਾਕਿਸਤਾਨੀ ਕਪਤਾਨ ਮੁਤਾਬਕ, "ਰਵੀ ਸ਼ਾਸਤਰੀ ਨੂੰ ਕੋਚ ਬਣਾਉਣ 'ਚ ਵਿਰਾਟ ਕੋਹਲੀ ਦੀ ਭੂਮਿਕਾ ਅਹਿਮ ਸੀ, ਪਰ ਬਾਜ਼ੀ ਪੁੱਠੀ ਪੈ ਗਈ। ਕਿਉਂਕਿ ਜੇ ਰਵੀ ਸ਼ਾਸਤਰੀ ਕੋਚ ਨਾ ਬਣਦੇ ਤਾਂ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਫਾਰਮ ਵੀ ਨਾ ਖਰਾਬ ਹੁੰਦੀ।"


ਟੀਮ ਇੰਡੀਆ ਅਤੇ ਰਵੀ ਸ਼ਾਸਤਰੀ ਦਾ ਸਾਥ


ਟੀਮ ਇੰਡੀਆ ਨਾਲ ਰਵੀ ਸ਼ਾਸਤਰੀ ਦਾ ਸਾਥ ਪਹਿਲੀ ਵਾਰ ਸਾਲ 2014 'ਚ ਜੁੜਿਆ ਸੀ। ਉਦੋਂ ਉਹ ਬਤੌਰ ਡਾਇਰੈਕਟਰ ਜੁੜੇ ਹੋਏ ਸਨ। ਉਨ੍ਹਾਂ ਦਾ ਕਾਰਜਕਾਲ 2016 ਦੇ ਟੀ-20 ਵਿਸ਼ਵ ਕੱਪ ਤੱਕ ਸੀ। ਇਸ ਤੋਂ ਬਾਅਦ ਅਨਿਲ ਕੁੰਬਲੇ ਨੂੰ ਇੱਕ ਸਾਲ ਲਈ ਕੋਚ ਬਣਾਇਆ ਗਿਆ। ਪਰ 2017 ਦੀ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਹੱਥੋਂ ਮਿਲੀ ਹਾਰ ਤੋਂ ਬਾਅਦ ਰਵੀ ਸ਼ਾਸਤਰੀ ਨੂੰ ਕੋਚ ਬਣਾਇਆ ਗਿਆ ਸੀ। ਉਨ੍ਹਾਂ ਦੀ ਕੋਚਿੰਗ 'ਚ ਟੀਮ ਇੰਡੀਆ ਨੇ ਆਸਟ੍ਰੇਲੀਆ 'ਚ ਝੰਡੇ ਗੱਡ ਦਿੱਤੇ ਅਤੇ 2 ਟੈਸਟ ਸੀਰੀਜ਼ ਜਿੱਤੀਆਂ। ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਜਦੋਂ ਤੱਕ ਰਵੀ ਸ਼ਾਸਤਰੀ ਕੋਚ ਸਨ, ਵਿਰਾਟ ਕੋਹਲੀ ਨਾਲ ਉਨ੍ਹਾਂ ਦੀ ਜੁਗਲਬੰਦੀ ਕਮਾਲ ਦੀ ਸੀ।