T20 World Cup: ਟੀਮ ਇੰਡੀਆ ਲਈ ਸੈਮੀਫਾਈਨਲ 'ਚ ਪਹੁੰਚਣਾ ਮੁਸ਼ਕਿਲ, ਇਨ੍ਹਾਂ 3 ਕਾਰਨਾਂ ਕਰਕੇ ਲਟਕ ਰਹੀ ਤਲਵਾਰ
T20 World Cup 2024: ਵਿਸ਼ਵ ਕੱਪ ਦੇ ਸੁਪਰ-8 ਪੜਾਅ 'ਚ ਦੋਵੇਂ ਗਰੁੱਪ ਕਾਫੀ ਮੁਸ਼ਕਿਲ ਵਿੱਚ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਪਹਿਲੇ ਗਰੁੱਪ ਵਿੱਚ ਭਾਰਤ, ਆਸਟਰੇਲੀਆ, ਅਫਗਾਨਿਸਤਾਨ ਅਤੇ ਬੰਗਲਾਦੇਸ਼
T20 World Cup 2024: ਵਿਸ਼ਵ ਕੱਪ ਦੇ ਸੁਪਰ-8 ਪੜਾਅ 'ਚ ਦੋਵੇਂ ਗਰੁੱਪ ਕਾਫੀ ਮੁਸ਼ਕਿਲ ਵਿੱਚ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਪਹਿਲੇ ਗਰੁੱਪ ਵਿੱਚ ਭਾਰਤ, ਆਸਟਰੇਲੀਆ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਨੂੰ ਰੱਖਿਆ ਗਿਆ ਹੈ। ਟੀਮ ਇੰਡੀਆ ਗਰੁੱਪ ਏ 'ਚ ਟੌਪ ਕਰਦੇ ਹੋਏ ਸੁਪਰ-8 'ਚ ਪਹੁੰਚੀ ਹੈ, ਪਰ ਉਸ ਲਈ ਸੈਮੀਫਾਈਨਲ 'ਚ ਪਹੁੰਚਣ ਦਾ ਰਸਤਾ ਮੁਸ਼ਕਿਲ ਹੁੰਦਾ ਨਜ਼ਰ ਆ ਰਿਹਾ ਹੈ। ਆਸਟ੍ਰੇਲੀਆ ਆਪਣੇ ਚਾਰੇ ਮੈਚ ਜਿੱਤ ਕੇ ਅਗਲੇ ਪੜਾਅ 'ਤੇ ਪਹੁੰਚ ਗਿਆ ਹੈ, ਦੂਜੇ ਪਾਸੇ ਅਫਗਾਨਿਸਤਾਨ ਅਤੇ ਬੰਗਲਾਦੇਸ਼ ਗਰੁੱਪ ਗੇੜ 'ਚ ਤਿੰਨ-ਤਿੰਨ ਜਿੱਤਾਂ ਦਰਜ ਕਰਕੇ ਇੱਥੇ ਪਹੁੰਚ ਗਏ ਹਨ। ਹੁਣ ਸਵਾਲ ਇਹ ਹੈ ਕਿ, ਕੀ ਭਾਰਤ ਸੈਮੀਫਾਈਨਲ ਤੱਕ ਪਹੁੰਚ ਸਕਦਾ ਹੈ? ਪਰ ਇੱਥੇ ਅਸੀਂ ਤੁਹਾਡੇ ਸਾਹਮਣੇ 3 ਕਾਰਨ ਦੱਸਾਂਗੇ ਜਿਸ ਕਾਰਨ ਸ਼ਾਇਦ ਭਾਰਤ ਸੈਮੀਫਾਈਨਲ ਤੱਕ ਨਾ ਪਹੁੰਚ ਸਕੇ।
1. ਵਿਰਾਟ ਕੋਹਲੀ ਦਾ ਓਪਨਿੰਗ ਕਰਨਾ
ਟੀ-20 ਵਿਸ਼ਵ ਕੱਪ 2024 ਵਿੱਚ ਹੁਣ ਤੱਕ ਵਿਰਾਟ ਕੋਹਲੀ ਦੀ ਓਪਨਿੰਗ ਟੀਮ ਇੰਡੀਆ ਲਈ ਘਾਤਕ ਸਾਬਤ ਹੋਈ ਹੈ। ਵਿਸ਼ਵ ਕੱਪ 'ਚ ਹਮੇਸ਼ਾ ਚੰਗਾ ਪ੍ਰਦਰਸ਼ਨ ਕਰਨ ਵਾਲੇ ਕੋਹਲੀ ਨੂੰ ਪਹਿਲੀ ਵਾਰ ਸੰਘਰਸ਼ ਕਰਦੇ ਦੇਖਿਆ ਗਿਆ ਹੈ। ਉਹ 3 ਪਾਰੀਆਂ 'ਚ ਸਿਰਫ 9 ਗੇਂਦਾਂ ਹੀ ਖੇਡ ਸਕੇ, ਜਿਸ 'ਚ ਉਨ੍ਹਾਂ ਨੇ 5 ਦੌੜਾਂ ਬਣਾਈਆਂ। 3 ਪਾਰੀਆਂ 'ਚ ਸਿਰਫ 5 ਦੌੜਾਂ ਬਣਾਉਣਾ ਇਸ ਗੱਲ ਦਾ ਸੰਕੇਤ ਹੈ ਕਿ ਟੀਮ ਪ੍ਰਬੰਧਨ ਨੂੰ ਕੋਹਲੀ ਦੇ ਬੱਲੇਬਾਜ਼ੀ ਕ੍ਰਮ ਨੂੰ ਬਦਲਣ 'ਤੇ ਵਿਚਾਰ ਕਰਨਾ ਚਾਹੀਦਾ ਹੈ। ਕੋਹਲੀ ਦੇ ਇਸ ਖਰਾਬ ਪ੍ਰਦਰਸ਼ਨ ਨੇ ਦੂਜੇ ਬੱਲੇਬਾਜ਼ਾਂ 'ਤੇ ਵੀ ਦਬਾਅ ਬਣਾਇਆ ਹੈ। ਸੂਰਿਆਕੁਮਾਰ ਯਾਦਵ ਵੀ ਇੱਕ ਅਰਧ ਸੈਂਕੜਾ ਲਗਾਉਣ ਤੋਂ ਇਲਾਵਾ ਕੁਝ ਖਾਸ ਨਹੀਂ ਕਰ ਸਕੇ ਹਨ। ਜੇਕਰ ਕੋਹਲੀ ਦਾ ਇਹ ਸ਼ਰਮਨਾਕ ਪ੍ਰਦਰਸ਼ਨ ਸੁਪਰ-8 'ਚ ਵੀ ਜਾਰੀ ਰਿਹਾ ਤਾਂ ਟੀਮ ਇੰਡੀਆ ਦਾ ਸੈਮੀਫਾਈਨਲ 'ਚ ਜਾਣ ਦਾ ਰਾਹ ਕਾਫੀ ਮੁਸ਼ਕਿਲ ਹੋ ਸਕਦਾ ਹੈ।
2. ਫਿਨਸ਼ਰ ਦੀ ਭੂਮਿਕਾ ਅਜੇ ਵੀ ਇੱਕ ਰਹੱਸ ?
ਟੀ-20 ਵਿਸ਼ਵ ਕੱਪ 'ਚ ਭਾਰਤ ਹੁਣ ਤੱਕ 4 ਆਲਰਾਊਂਡਰ ਖਿਡਾਰੀਆਂ ਨਾਲ ਖੇਡ ਚੁੱਕਾ ਹੈ। ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ, ਇਹ ਚਾਰੇ ਕਿਸੇ ਵੀ ਮੈਚ ਦਾ ਰੁਖ ਬਦਲ ਸਕਦੇ ਹਨ। ਪਰ ਇਹ ਚਾਰੇ ਬੱਲੇਬਾਜ਼ ਅਜੇ ਤੱਕ ਆਪਣੇ ਆਪ ਨੂੰ ਫਿਨਸ਼ਰ ਸਾਬਤ ਨਹੀਂ ਕਰ ਸਕੇ ਹਨ। ਹਾਲਾਂਕਿ ਦੁਬੇ ਨੇ ਅਮਰੀਕਾ ਦੇ ਖਿਲਾਫ 31 ਦੌੜਾਂ ਦੀ ਪਾਰੀ ਖੇਡੀ ਸੀ ਪਰ ਉਹ ਹੋਰ ਮੈਚਾਂ 'ਚ ਸੰਘਰਸ਼ ਕਰਦੇ ਨਜ਼ਰ ਆਏ। ਜਡੇਜਾ ਹੁਣ ਤੱਕ ਇੱਕ ਵਾਰ ਵਿਸ਼ਵ ਕੱਪ ਖੇਡ ਚੁੱਕੇ ਹਨ, ਜਿਸ ਵਿੱਚ ਉਹ ਗੋਲਡਨ ਡਕ ਦਾ ਸ਼ਿਕਾਰ ਹੋਏ ਸਨ। ਉਥੇ ਹੀ ਅਕਸ਼ਰ ਪਟੇਲ ਨੂੰ ਪਾਕਿਸਤਾਨ ਖਿਲਾਫ ਮੌਕਾ ਮਿਲਿਆ, ਜਿਸ 'ਚ ਉਹ ਸਿਰਫ 18 ਦੌੜਾਂ ਹੀ ਬਣਾ ਸਕੇ। ਹਾਰਦਿਕ ਪਾਂਡਿਆ ਵੀ ਹੁਣ ਤੱਕ ਖੁਦ ਨੂੰ ਫਿਨਿਸ਼ਰ ਸਾਬਤ ਨਹੀਂ ਕਰ ਸਕੇ ਹਨ। ਇਸ ਕਾਰਨ ਭਾਰਤ ਦਾ ਹੇਠਲਾ ਮੱਧਕ੍ਰਮ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ
3. ਆਸਟ੍ਰੇਲੀਆ ਅਤੇ ਅਫਗਾਨਿਸਤਾਨ, 2 ਵੱਡੇ ਖਤਰੇ
ਆਸਟ੍ਰੇਲੀਆ ਗਰੁੱਪ ਗੇੜ ਵਿਚ ਆਪਣੇ ਚਾਰੇ ਮੈਚ ਜਿੱਤ ਕੇ ਸੁਪਰ-8 ਵਿਚ ਪਹੁੰਚ ਗਿਆ ਹੈ। ਦੂਜੇ ਪਾਸੇ ਅਫਗਾਨਿਸਤਾਨ ਨੂੰ ਵੈਸਟਇੰਡੀਜ਼ ਹੱਥੋਂ ਭਲੇ ਹੀ 104 ਦੌੜਾਂ ਦੀ ਵੱਡੀ ਹਾਰ ਝੱਲਣੀ ਪਈ ਹੋਵੇ ਪਰ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਅਫਗਾਨਿਸਤਾਨ ਦੀ ਟੀਮ ਨੇ ਤਿੰਨ ਮੈਚ ਆਸਾਨੀ ਨਾਲ ਜਿੱਤ ਕੇ ਸੁਪਰ-8 ਵਿਚ ਪ੍ਰਵੇਸ਼ ਕਰ ਲਿਆ ਹੈ। ਰਾਸ਼ਿਦ ਖਾਨ ਦੀ ਕਪਤਾਨੀ 'ਚ ਟੀਮ ਨੇ ਨਾ ਸਿਰਫ ਬੱਲੇਬਾਜ਼ੀ ਸਗੋਂ ਗੇਂਦਬਾਜ਼ੀ 'ਚ ਵੀ ਸੁਧਾਰ ਕੀਤਾ ਹੈ। ਭਾਰਤ ਲਈ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਦੋਵਾਂ ਨੂੰ ਹਰਾਉਣਾ ਬਹੁਤ ਮੁਸ਼ਕਲ ਹੋਵੇਗਾ। ਜੇਕਰ ਟੀਮ ਇੰਡੀਆ ਨੂੰ ਸੁਪਰ-8 'ਚ ਇਕ ਵੀ ਮੈਚ ਹਾਰਨਾ ਪੈਂਦਾ ਹੈ ਤਾਂ ਸੈਮੀਫਾਈਨਲ ਦੀ ਦੌੜ 'ਚ ਉਸ ਨੂੰ ਦੁਚਿੱਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਜੂਦਾ ਰੁਝਾਨ ਮੁਤਾਬਕ ਅਫਗਾਨਿਸਤਾਨ ਅਤੇ ਆਸਟ੍ਰੇਲੀਆ ਦੋਵੇਂ ਹੀ ਭਾਰਤ ਨੂੰ ਹਰਾਉਣ ਦੇ ਸਮਰੱਥ ਹਨ। ਇਸ ਕਾਰਨ ਇਹ ਦੋਵੇਂ ਟੀਮਾਂ ਭਾਰਤ ਲਈ ਵੱਡਾ ਖ਼ਤਰਾ ਬਣ ਸਕਦੀਆਂ ਹਨ।