Birmingham 2022: ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫ. ਆਈ. ਐੱਚ.) ਨੇ ਰਾਸ਼ਟਰਮੰਡਲ ਖੇਡਾਂ 'ਚ ਆਸਟ੍ਰੇਲੀਆ ਤੋਂ ਭਾਰਤੀ ਮਹਿਲਾ ਟੀਮ ਦੀ ਸੈਮੀਫਾਈਨਲ 'ਚ ਹਾਰ ਦੇ ਦੌਰਾਨ ਘੜੀ ਨਾਲ ਜੁੜੇ ਵਿਵਾਦ 'ਤੇ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਉਹ ਇਸ ਘਟਨਾ ਦੀ ਪੂਰੀ ਸਮੀਖਿਆ ਕਰੇਗਾ।


ਪੈਨਲਟੀ ਸ਼ੂਟਆਊਟ ਦੌਰਾਨ ਆਪਣੀ ਪਹਿਲੀ ਕੋਸ਼ਿਸ਼ ਤੋਂ ਖੁੰਝਣ ਵਾਲੀ ਆਸਟਰੇਲੀਆ ਦੀ ਰੋਜ਼ੀ ਮੈਲੋਨ ਨੂੰ ਇਕ ਹੋਰ ਮੌਕਾ ਦਿੱਤਾ ਗਿਆ ਕਿਉਂਕਿ ਸਕੋਰ ਬੋਰਡ 'ਤੇ ਅੱਠ ਸੈਕਿੰਡ ਦਾ ਕਾਊਂਟਡਾਊਨ ਸ਼ੁਰੂ ਨਹੀਂ ਹੋਇਆ ਸੀ। ਦੂਸਰਾ ਮੌਕਾ ਮਿਲਣ 'ਤੇ ਮਲੋਨ ਨੇ ਹਾਰ ਨਹੀਂ ਮੰਨੀ ਅਤੇ ਉਸ ਨੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ।


ਭਾਰਤ ਆਖ਼ਰਕਾਰ ਸੈਮੀਫਾਈਨਲ ਮੈਚ ਸ਼ੂਟਆਊਟ ਵਿੱਚ 0-3 ਨਾਲ ਹਾਰ ਗਿਆ। ਨਿਯਮਤ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ਸਨ। ਹਾਜ਼ਰੀਨ ਨੇ ਤਕਨੀਕੀ ਅਧਿਕਾਰੀਆਂ ਦੇ ਇਸ ਫੈਸਲੇ 'ਤੇ ਵੀ ਗੁੱਸਾ ਜ਼ਾਹਰ ਕੀਤਾ ਸੀ।


ਐੱਫਆਈਐੱਚ ਨੇ ਇਕ ਬਿਆਨ 'ਚ ਕਿਹਾ, ''ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਆਸਟ੍ਰੇਲੀਆ ਅਤੇ ਭਾਰਤ ਦੀਆਂ ਮਹਿਲਾ ਟੀਮਾਂ ਵਿਚਾਲੇ ਸੈਮੀਫਾਈਨਲ ਮੈਚ ਦੌਰਾਨ ਗਲਤੀ ਨਾਲ ਸ਼ੂਟਆਊਟ ਬਹੁਤ ਜਲਦੀ ਸ਼ੁਰੂ ਹੋ ਗਈ (ਘੜੀ ਚੱਲਣ ਲਈ ਤਿਆਰ ਨਹੀਂ ਸੀ) ਜਿਸ ਲਈ ਅਸੀਂ ਮੁਆਫੀ ਮੰਗਦੇ ਹਾਂ। "


ਬਿਆਨ ਵਿਚ ਅੱਗੇ ਕਿਹਾ ਗਿਆ ਹੈ, ''ਅਜਿਹੀ ਸਥਿਤੀ ਵਿਚ ਦੁਬਾਰਾ ਪੈਨਲਟੀ ਸ਼ੂਟਆਊਟ ਲੈਣ ਦੀ ਪ੍ਰਕਿਰਿਆ ਹੈ ਅਤੇ ਅਜਿਹਾ ਕੀਤਾ ਗਿਆ ਹੈ। ਐਫਆਈਐਚ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰੇਗਾ ਤਾਂ ਜੋ ਭਵਿੱਖ ਵਿੱਚ ਅਜਿਹੇ ਮੁੱਦਿਆਂ ਤੋਂ ਬਚਿਆ ਜਾ ਸਕੇ।"


ਜ਼ਿਕਰਯੋਗ ਹੈ ਕਿ ਇਸ ਵਿਵਾਦ 'ਤੇ ਕਈ ਵੱਡੀਆਂ ਹਸਤੀਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਟਵੀਟ ਕਰਕੇ ਆਪਣੀ ਨਾਰਾਜ਼ਗੀ ਜਤਾਈ ਹੈ।