ਪੜਚੋਲ ਕਰੋ
ਗੰਭੀਰ ਦੀ 'ਦਿੱਲੀ' ਰੋਹਿਤ ਦੀ 'ਮੁੰਬਈ' ਨੂੰ ਆਖ਼ਰੀ ਗੇਂਦ 'ਤੇ ਜਿੱਤਿਆ

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਵਿੱਚ ਗੌਤਮ ਗੰਭੀਰ ਦੀ ਕਪਤਾਨੀ ਵਾਲੀ ਦਿੱਲੀ ਡੇਅਰਡੇਵਿਲਜ਼ ਨੇ ਰੋਹਿਤ ਸ਼ਰਮਾ ਦੀ ਮੁੰਬਈ ਇੰਡੀਅਨਜ਼ ਨੂੰ ਰੋਮਾਂਚਕ ਮੁਕਾਬਲੇ ਵਿੱਚ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਰੋਮਾਂਚ ਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਦਿੱਲੀ ਨੇ ਮੈਚ ਦੀ ਆਖ਼ਰੀ ਗੇਂਦ 'ਤੇ ਮੈਚ ਜਿੱਤਿਆ। ਮੁੰਬਈ ਇੰਡੀਅਨਜ਼ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਜੇ ਨੁਕਸਾਨ 'ਤੇ 194 ਦੌੜਾਂ ਬਣਾਈਆਂ ਸਨ। ਇਸ ਵਿੱਚ ਸੁਰਿਆਕੁਮਾਰ ਯਾਦਵ ਦੀਆਂ 53 ਤੇ ਇਵਨ ਲੂਈਸ ਦੀਆਂ 48 ਤੇ ਈਸ਼ਾਨ ਕਿਸ਼ਨ ਦੀਆਂ 44 ਦੌੜਾਂ ਵੀ ਸ਼ਾਮਲ ਸਨ। ਕਪਤਾਨ ਰੋਹਿਤ ਸ਼ਰਮਾ ਕੁਝ ਖਾਸ ਕਮਾਲ ਨਾ ਦਿਖਾ ਸਕੇ ਤੇ 15 ਗੇਂਦਾਂ ਵਿੱਚ 18 ਦੌੜਾਂ ਹੀ ਬਣਾ ਸਕੇ। 195 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਡੇਅਰੇਵਿਲਜ਼ ਦੇ ਕਪਤਾਨ ਗੌਤਮ ਗੰਭੀਰ ਬੇਸ਼ੱਕ 15 ਦੌੜਾਂ ਬਣਾ ਸਕੇ ਪਰ ਜੇਸਨ ਰੌਇ ਦੀਆਂ ਨਾਬਾਦ 91 ਤੇ ਰਿਸ਼ਭ ਪੰਤ ਦੀਆਂ 47 ਦੌੜਾਂ ਨਾਲ ਇਸ ਨੂੰ ਛੇਤੀ ਹੀ ਹਾਸਲ ਕਰ ਲਿਆ। ਰੌਇ ਨੇ ਹੀ ਆਖ਼ਰੀ ਗੇਂਦ 'ਤੇ ਇੱਕ ਦੌੜ ਲੈ ਕੇ ਮੈਚ ਜਿੱਤਿਆ। ਇਸ ਤੋਂ ਪਹਿਲਾਂ ਸ਼੍ਰੇਅਸ ਅਈਅਰ ਦੀਆਂ ਨਾਬਾਦ 27 ਦੌੜਾਂ ਨੇ ਟੀਮ ਨੂੰ ਜਿੱਤ ਤਕ ਪਹੁੰਚਾਇਆ। ਮੁੰਬਈ ਇੰਡੀਅਨਜ਼ ਦੇ ਹਾਰਦਿਕ ਪੰਡਿਆ ਕਾਫੀ ਮਹਿੰਗੇ ਸਾਬਿਤ ਹੋਏ। ਉਨ੍ਹਾਂ ਦੋ ਓਵਰਾਂ ਵਿੱਚ 32 ਦੌੜਾਂ ਦੇ ਕੇ ਕੋਈ ਵਿਕਟ ਪ੍ਰਾਪਤ ਨਹੀਂ ਕੀਤੀ। ਇਸ ਦੇ ਉਲਟ ਕਰੁਣਾਲ ਪੰਡਿਆ ਨੇ 21 ਦੌੜਾਂ ਦੇ ਕੇ ਦੋ ਵਿਕਟਾਂ ਆਊਟ ਕੀਤੀਆਂ। ਜੇਤੂ ਰਹੀ ਟੀਮ ਦਿੱਲੀ ਡੇਅਰ ਡੇਵਿਲਜ਼ ਦੇ ਰਾਹੁਲ ਤੇਵਾਤੀਆ ਨੇ ਚਾਰ ਓਵਰਾਂ ਵਿੱਚ 36 ਦੌੜਾਂ ਦੇ ਕੇ ਮੁੰਬਈ ਦੇ ਦੋ ਖਿਡਾਰੀਆਂ ਨੂੰ ਆਊਟ ਕੀਤਾ। ਟ੍ਰੇਨਟ ਬੋਲਟ, ਡੇਨੀਅਲ ਕ੍ਰਿਸਚਿਨ ਨੇ ਦੋ-ਦੋ ਤੇ ਮੁਹੰਮਦ ਸ਼ਮੀ ਨੇ ਇੱਕ ਵਿਕਟ ਝਟਕਾਈ।
ਟ੍ਰੈਂਡਿੰਗ ਟੌਪਿਕ




















