ਨਵੀਂ ਦਿੱਲੀ: ਫੀਫਾ ਵਿਸ਼ਵ ਕੱਪ ਆਪਣੇ ਅੰਤਿਮ ਪੜਾਅ 'ਤੇ ਪਹੁੰਚ ਚੁੱਕਾ ਹੈ ਤੇ ਖਿਤਾਬੀ ਮੁਕਾਬਲਾ ਕੱਲ੍ਹ ਫਰਾਂਸ ਤੇ ਕ੍ਰੋਏਸ਼ੀਆ ਵਿਚਾਲੇ ਹੋਵੇਗਾ ਜਦਕਿ ਅੱਜ ਤੀਜੇ ਸਥਾਨ ਲਈ ਬੈਲਜੀਅਮ ਤੇ ਇੰਗਲੈਂਡ ਦੀਆਂ ਟੀਮਾਂ ਆਪਸ 'ਚ ਭਿੜਨਗੀਆਂ।


ਫਰਾਂਸ ਹੱਥੋਂ ਹੋਈ ਸੀ ਬੈਲਜੀਅਮ ਦੀ ਹਾਰ


ਫਰਾਂਸ ਨੇ ਬੈਲਜੀਅਮ ਨੂੰ ਹਰਾ ਕੇ ਫਾਈਨਲ 'ਚ ਆਪਣੀ ਥਾਂ ਬਣਾਈ ਸੀ ਜਦਕਿ ਇੰਗਲੈਂਡ ਦੀ ਟੀਮ ਇੱਕ ਗੋਲ ਤੋਂ ਅੱਗੇ ਹੋਣ ਦੇ ਬਾਵਜੂਦ ਵੀ ਕ੍ਰੋਏਸ਼ੀਆ ਤੋਂ 1-2 ਨਾਲ ਹਾਰ ਗਈ ਤੇ ਦੂਜੀ ਵਾਰ ਫਾਈਨਲ 'ਚ ਜਾਣ ਤੋਂ ਪੱਛੜ ਗਈ। ਹੁਣ ਤੀਜੇ ਸਥਾਨ ਲਈ ਇੰਗਲੈਂਡ ਤੇ ਬੈਲਜ਼ੀਅਮ ਵਿਚਾਲੇ ਕਰੜੀ ਟੱਕਰ ਦੇਖਣ ਨੂੰ ਮਿਲੇਗੀ। ਇਸ ਦੌਰਾਨ ਬੈਲਜੀਅਮ ਲਈ ਚੰਗੀ ਖ਼ਬਰ ਇਹ ਹੈ ਕਿ ਪਹਿਲੇ ਸੈਮੀਫਾਈਨਲ 'ਚ ਬਾਹਰ ਬੈਠਣ ਵਾਲੇ ਥਾਮਸ ਮਿਊਨਿਏਰ ਇਸ ਮੈਚ 'ਚ ਵਾਪਸੀ ਕਰ ਰਹੇ ਹਨ। ਇੰਗਲੈਂਡ ਲਈ ਇਹ ਖ਼ਬਰ ਵੱਡੀ ਸਿਰਦਰਦੀ ਸਾਬਤ ਹੋ ਸਕਦੀ ਹੈ।


ਇੰਗਲੈਂਡ ਤੇ ਬੈਲਜੀਅਮ ਦੂਜੀ ਵਾਰ ਆਹਮੋ-ਸਾਹਮਣੇ


ਇੰਗਲੈਂਡ ਤੇ ਬੈਲਜ਼ੀਅਮ ਕੋਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਇਹ ਚੰਗਾ ਮੌਕਾ ਹੈ ਕਿ ਉਹ ਤੀਜਾ ਸਥਾਨ ਪ੍ਰਾਪਤ ਕਰਕੇ ਉਨ੍ਹਾਂ ਦੀ ਨਿਰਾਸ਼ਾ ਦੂਰ ਕਰਨ। ਇੰਗਲੈਂਡ ਤੇ ਬੈਲਜ਼ੀਅਮ ਇਸ ਵਿਸ਼ਵ ਕੱਪ 'ਚ ਦੂਜੀ ਵਾਰ ਆਹਮੋ -ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਗਰੁੱਪ G ਦੇ ਮੈਚ ਵਿਚ ਭਿੜ ਚੁੱਕੀਆਂ ਹਨ। ਉਸ ਵੇਲੇ ਬੈਲਜੀਅਮ ਨੇ ਇੰਗਲੈਂਡ ਨੂੰ 1-0 ਨਾਲ ਮਾਤ ਦਿੱਤੀ ਸੀ। ਹਾਲਾਂਕਿ ਇੰਗਲੈਂਡ ਦਾ ਬੈਲਜ਼ੀਅਮ ਖਿਲਾਫ ਓਵਰਆਲ ਰਿਕਾਰਡ ਕਾਫੀ ਚੰਗਾ ਹੈ। ਇੰਗਲੈਂਡ ਨੇ ਬੈਲਜੀਅਮ ਖਿਲਾਫ ਖੇਡੇ ਮੈਚਾਂ 'ਚੋਂ 15 ਮੈਚ ਜਿੱਤੇ ਹਨ, 4 ਡਰਾਅ ਰਹੇ ਹਨ ਜਦਕਿ ਸਿਰਫ ਤਿੰਨ ਮੈਚਾਂ 'ਚ ਬੈਲਜੀਅਮ ਨੇ ਬਾਜ਼ੀ ਮਾਰੀ ਹੈ।


ਅਜਿਹੇ 'ਚ ਇੰਗਲੈਂਡ ਤੇ ਬੈਲਜ਼ੀਅਮ ਦਾ ਤੀਜੇ ਸਥਾਨ ਲਈ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ। ਇਸ ਵਾਰ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 24 ਮਿਲੀਅਨ ਅਮਰੀਕੀ ਡਾਲਰ ਇਨਾਮ ਦਇੱਤਾ ਜਾਵੇਗਾ ਜਦਕਿ ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਦਾ ਇਨਾਮ 22 ਮਿਲੀਅਨ ਡਾਲਰ ਹੋਵੇਗਾ।