Qatar Spent 222 Billion Dollar : ਫੀਫਾ ਫੁੱਟਬਾਲ ਵਿਸ਼ਵ ਕੱਪ-2022 (FIFA World Cup-2022) ਦਾ ਆਯੋਜਨ ਖਾੜੀ ਦੇਸ਼ ਕਤਰ (Qatar) 'ਚ ਹੋ ਰਿਹਾ ਹੈ। ਕਤਰ ਹੁਣ ਤੱਕ ਇਸ ਈਵੈਂਟ 'ਤੇ 222 ਬਿਲੀਅਨ ਡਾਲਰ (222 Billion Dollar) ਦੀ ਵੱਡੀ ਰਕਮ ਖਰਚ ਕਰ ਚੁੱਕਾ ਹੈ। ਇਸ ਰਕਮ ਨੇ ਏਸ਼ੀਆ ਦੇ 2 ਸਭ ਤੋਂ ਅਮੀਰ ਕਾਰੋਬਾਰੀਆਂ ਅਤੇ ਅਡਾਨੀ ਗਰੁੱਪ ਦੇ ਸੰਸਥਾਪਕ ਅਤੇ ਚੇਅਰਪਰਸਨ ਗੌਤਮ ਅਡਾਨੀ (Gautam Adani) ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ (Mukesh Ambani) ਦੀ ਕੁੱਲ ਜਾਇਦਾਦ ਨਾਲੋਂ ਵੱਧ ਪੈਸਾ ਪਾਣੀ ਵਾਂਗ ਖਰਚ ਕੀਤਾ ਹੈ।


ਇੰਨੀ ਹੈ ਕੁੱਲ ਜਾਇਦਾਦ


ਬਲੂਮਬਰਗ ਬਿਲੀਅਨੇਅਰ ਇੰਡੈਕਸ ਦੇ ਅਨੁਸਾਰ ਅਡਾਨੀ ਦੀ ਕੁੱਲ ਜਾਇਦਾਦ ਇਸ ਸਮੇਂ 132 ਅਰਬ ਡਾਲਰ ਹੈ, ਜਦਕਿ ਅੰਬਾਨੀ ਦੀ ਕੁੱਲ ਜਾਇਦਾਦ 90 ਅਰਬ ਡਾਲਰ ਹੈ। ਕੁੱਲ ਮਿਲਾ ਕੇ ਦੋਵਾਂ ਦੀ ਕੁੱਲ ਜਾਇਦਾਦ 222 ਅਰਬ ਡਾਲਰ ਬਣਦੀ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਹਨ। ਦੇਸ਼ ਦੀ ਸਭ ਤੋਂ ਕੀਮਤੀ ਰਿਲਾਇੰਸ ਇੰਡਸਟਰੀਜ਼ (Reliance Industries) ਦੇ ਚੇਅਰਮੈਨ ਅੰਬਾਨੀ ਇਸ ਸੂਚੀ 'ਚ 9ਵੇਂ ਨੰਬਰ 'ਤੇ ਹਨ।


ਸਭ ਤੋਂ ਮਹਿੰਗਾ ਫੁੱਟਬਾਲ ਵਿਸ਼ਵ ਕੱਪ


ਕਤਰ 'ਚ ਹੋਣ ਵਾਲਾ ਫੁੱਟਬਾਲ ਵਿਸ਼ਵ ਕੱਪ ਹੁਣ ਤੱਕ ਦਾ ਸਭ ਤੋਂ ਮਹਿੰਗਾ ਖੇਡ ਸਮਾਗਮ ਹੈ। ਇਸ ਦੀ ਸ਼ੁਰੂਆਤ 20 ਨਵੰਬਰ ਨੂੰ ਮੇਜ਼ਬਾਨ ਕਤਰ ਅਤੇ ਇਕਵਾਡੋਰ ਵਿਚਾਲੇ ਹੋਏ ਮੈਚ ਨਾਲ ਹੋਈ ਸੀ। ਫਾਈਨਲ ਮੈਚ 18 ਦਸੰਬਰ 2022 ਨੂੰ ਹੋਵੇਗਾ। ਇਸ 'ਚ ਕੁੱਲ 32 ਟੀਮਾਂ ਹਿੱਸਾ ਲੈ ਰਹੀਆਂ ਹਨ।


ਪਾਣੀ ਵਾਂਗ ਵਹਾਇਆ ਗਿਆ ਪੈਸਾ


ਦੱਸ ਦੇਈਏ ਕਿ ਕਤਰ ਨੂੰ 2010 'ਚ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਮਿਲੀ ਸੀ ਅਤੇ ਉਦੋਂ ਤੋਂ ਇਸ ਦੇਸ਼ ਨੇ ਇਸ ਈਵੈਂਟ ਨੂੰ ਸਫਲ ਬਣਾਉਣ ਲਈ ਪਾਣੀ ਵਾਂਗ ਪੈਸਾ ਖਰਚ ਕੀਤਾ ਹੈ। ਇਸ ਦੇ ਲਈ 6 ਨਵੇਂ ਸਟੇਡੀਅਮ ਬਣਾਏ ਗਏ ਹਨ, ਜਦਕਿ 2 ਪੁਰਾਣੇ ਸਟੇਡੀਅਮਾਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਖਿਡਾਰੀਆਂ ਦੀ ਸਿਖਲਾਈ ਲਈ ਸਟੇਡੀਅਮ ਬਣਾਏ ਗਏ ਹਨ। ਇਸ 'ਤੇ ਕੁੱਲ 6.5 ਅਰਬ ਤੋਂ 10 ਅਰਬ ਡਾਲਰ ਖਰਚ ਹੋਣ ਦੀ ਉਮੀਦ ਹੈ।


ਖਰਚ ਕੀਤੇ ਇੰਨੇ ਪੈਸੇ


ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਤਰ ਨੇ ਫੀਫਾ ਵਿਸ਼ਵ ਕੱਪ 2022 ਲਈ ਬੁਨਿਆਦੀ ਢਾਂਚੇ ਦੇ ਨਿਰਮਾਣ 'ਚ 210 ਬਿਲੀਅਨ ਡਾਲਰ ਖਰਚ ਕੀਤੇ ਹਨ, ਜਿਸ 'ਚ ਹਵਾਈ ਅੱਡਿਆਂ, ਸੜਕਾਂ, ਇਨੋਵੇਟਿਵ ਹੱਬ, ਹੋਟਲਾਂ ਦੀ ਰੈਨੋਵੇਸ਼ਨ ਕੀਤੀ ਗਈ ਹੈ। ਦੱਸ ਦਈਏ ਕਿ ਦੋਹਾ 'ਚ ਖਿਡਾਰੀਆਂ ਦੇ ਰਹਿਣ ਲਈ ਬਣਾਏ ਗਏ ਕੰਪਲੈਕਸ (The Pearl) ਨੂੰ ਬਣਾਉਣ 'ਤੇ 15 ਬਿਲੀਅਨ ਡਾਲਰ ਖਰਚ ਕੀਤੇ ਗਏ ਸਨ, ਜਦਕਿ ਦੋਹਾ ਮੈਟਰੋ 'ਤੇ 36 ਬਿਲੀਅਨ ਡਾਲਰ ਖਰਚ ਕੀਤੇ ਗਏ ਸਨ। ਕਤਰ ਨੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਕਈ ਸਾਲਾਂ ਤੋਂ ਹਰ ਹਫ਼ਤੇ 50 ਕਰੋੜ ਡਾਲਰ ਖਰਚ ਕੀਤੇ।


ਪਹਿਲਾਂ ਇੰਨਾ ਹੁੰਦਾ ਸੀ ਖਰਚਾ


ਇਸ ਤੋਂ ਪਹਿਲਾਂ ਫੁੱਟਬਾਲ ਵਿਸ਼ਵ ਕੱਪ-2018 ਰੂਸ 'ਚ ਹੋਇਆ ਸੀ। ਰੂਸ ਨੇ ਇਸ 'ਤੇ ਕੁੱਲ 11.6 ਅਰਬ ਡਾਲਰ ਖਰਚ ਕੀਤੇ ਸਨ। ਇਸ ਤੋਂ ਪਹਿਲਾਂ ਫੁੱਟਬਾਲ ਵਿਸ਼ਵ ਕੱਪ-2014 'ਚ ਬ੍ਰਾਜ਼ੀਲ 'ਚ 15 ਅਰਬ ਡਾਲਰ ਅਤੇ ਸਾਲ 2010 'ਚ ਦੱਖਣੀ ਅਫਰੀਕਾ 'ਚ 3.6 ਅਰਬ ਡਾਲਰ ਖਰਚ ਕੀਤੇ ਗਏ ਸਨ। ਇਸ ਤੋਂ ਪਹਿਲਾਂ ਜਰਮਨੀ 'ਚ ਫੁੱਟਬਾਲ ਵਿਸ਼ਵ ਕੱਪ-2006 ਦੀ ਲਾਗਤ 4.3 ਅਰਬ ਡਾਲਰ, ਜਦਕਿ ਫੁੱਟਬਾਲ ਵਿਸ਼ਵ ਕੱਪ-2002 ਵਿੱਚ ਜਾਪਾਨ 'ਚ 7 ਅਰਬ ਡਾਲਰ, ਫਰਾਂਸ 'ਚ 1998 ਵਿੱਚ 2.3 ਅਰਬ ਡਾਲਰ ਅਤੇ ਅਮਰੀਕਾ 'ਚ 1994 ਵਿੱਚ 50 ਕਰੋੜ ਡਾਲਰ ਦਾ ਖਰਚਾ ਆਇਆ ਸੀ।