Guinea Football Match Violence: ਗਿਨੀ ਵਿੱਚ ਐਤਵਾਰ ਨੂੰ ਖੇਡੇ ਗਏ ਇੱਕ ਫੁੱਟਬਾਲ ਮੈਚ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗਿਨੀ ਦੇ ਨਜ਼ੇਰੇਕੋਰ ਵਿੱਚ ਖੇਡਿਆ ਗਿਆ ਇਹ ਮੈਚ ਉਦੋਂ ਹਿੰਸਕ ਹੋ ਗਿਆ ਜਦੋਂ ਪ੍ਰਸ਼ੰਸਕਾਂ ਨੇ ਰੈਫਰੀ ਦੁਆਰਾ ਦਿੱਤੇ ਗਏ ਫੈਸਲੇ 'ਤੇ ਵਿਵਾਦ ਕੀਤਾ।
ਰਿਪੋਰਟ ਮੁਤਾਬਕ, ਇੱਕ ਡਾਕਟਰ ਨੇ ਕਿਹਾ ਕਿ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦੂਜੇ ਡਾਕਟਰ ਨੇ ਦਾਅਵਾ ਕੀਤਾ ਹੈ ਕਿ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਘਟਨਾ ਤੋਂ ਬਾਅਦ ਲੋਕ ਸੜਕਾਂ 'ਤੇ ਆ ਗਏ ਤੇ ਜਨਤਕ ਜਾਇਦਾਦ ਦਾ ਕਾਫੀ ਨੁਕਸਾਨ ਕੀਤਾ। ਗਿਨੀ 'ਚ ਭੜਕੀ ਹਿੰਸਾ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਜਿੱਥੇ ਦੇਖੋ ਲਾਸ਼ਾਂ ਹੀ ਲਾਸ਼ਾਂ
ਇੱਕ ਸਥਾਨਕ ਮੀਡੀਆ ਚੈਨਲ ਨਾਲ ਗੱਲ ਕਰਦੇ ਹੋਏ ਇੱਕ ਡਾਕਟਰ ਨੇ ਕਿਹਾ, "ਹਸਪਤਾਲ ਵਿੱਚ ਜਿੱਥੋਂ ਤੱਕ ਦਿਖਾਈ ਦਿੰਦਾ ਸੀ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ। ਹਾਲ ਵਿੱਚ ਬਹੁਤ ਸਾਰੀਆਂ ਲਾਸ਼ਾਂ ਪਈਆਂ ਹਨ ਤੇ ਸਥਿਤੀ ਅਜਿਹੀ ਹੈ ਕਿ ਮੁਰਦਾਘਰ ਭਰਿਆ ਹੋਇਆ ਹੈ।" ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਕਰੀਬ 100 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲਾਸ਼ਾਂ ਵੀ ਖੇਤ 'ਚ ਦੇਖੀਆਂ ਗਈਆਂ ਹਨ।
ਸਾਲ 2022 'ਚ ਹੋਇਆ ਸੀ ਅਜਿਹਾ ਹੀ ਹਾਦਸਾ
ਦੱਸ ਦਈਏ ਕਿ ਇੰਡੋਨੇਸ਼ੀਆ 'ਚ ਸਾਲ 2022 'ਚ ਅਜਿਹਾ ਹੀ ਹਾਦਸਾ ਹੋਇਆ ਸੀ। ਉਦੋਂ ਫੁੱਟਬਾਲ ਮੈਚ ਦੌਰਾਨ ਮਚੀ ਭਗਦੜ ਵਿੱਚ 174 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਵੀ ਜਾਨ ਚਲੀ ਗਈ ਸੀ। ਮੈਚ ਦੌਰਾਨ ਇੱਕ ਟੀਮ ਦੇ ਹਾਰਨ ਤੋਂ ਬਾਅਦ, ਉਸਦੇ ਪ੍ਰਸ਼ੰਸਕ ਮੈਦਾਨ ਵਿੱਚ ਆ ਗਏ। ਇਸ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।
ਮੈਚ ਅਰੇਮਾ ਫੁੱਟਬਾਲ ਕਲੱਬ ਅਤੇ ਪਰਸੇਬਾਯਾ ਸੁਰਾਬਾਇਆ ਵਿਚਕਾਰ ਸੀ। ਮੈਚ ਦੌਰਾਨ ਸਟੇਡੀਅਮ ਵਿੱਚ ਕਰੀਬ 42 ਹਜ਼ਾਰ ਦਰਸ਼ਕ ਮੌਜੂਦ ਸਨ। ਇਹ ਸਾਰੇ ਦਰਸ਼ਕ ਅਰੇਮਾ ਫੁੱਟਬਾਲ ਕਲੱਬ ਦੇ ਪ੍ਰਸ਼ੰਸਕ ਸਨ। ਪ੍ਰਬੰਧਕਾਂ ਨੇ ਪਰਸੇਬਾਯਾ ਸੁਰਾਬਾਇਆ ਦੇ ਪ੍ਰਸ਼ੰਸਕਾਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਸੀ, ਕਿਉਂਕਿ ਉਹ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਣਾ ਚਾਹੁੰਦੇ ਸਨ।