Luis Rubiales Resign: ਸਪੇਨਿਸ਼ ਫੁੱਟਬਾਲ ਫੈਡਰੇਸ਼ਨ ਦੇ ਮੁਅੱਤਲ ਪ੍ਰਧਾਨ ਲੁਈਸ ਰੂਬੀਏਲਸ (Luis Rubiales) ਨੇ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਲੁਈਸ ਰੂਬੀਏਲਸ ਮਹਿਲਾ ਫੀਫਾ ਵਿਸ਼ਵ ਕੱਪ 2023 'ਚ 'ਕਿੱਸ' ਵਿਵਾਦ ਮਗਰੋਂ ਹੀ ਸੁਰਖੀਆਂ 'ਚ ਹੈ। ਹੁਣ ਉਨ੍ਹਾਂ ਨੇ ਐਕਸ (ਪਹਿਲਾਂ ਟਵਿਟਰ) ਰਾਹੀਂ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ। ਲੇਵਿਸ ਨੇ ਕਿਹਾ ਕਿ ਉਹ ਹੁਣ ਪੋਸਟ 'ਤੇ ਵਾਪਸ ਨਹੀਂ ਜਾ ਸਕਦਾ।


ਲੁਈਸ ਰੂਬੀਅਲਸ ਨੇ X 'ਤੇ ਆਪਣੇ ਅਸਤੀਫੇ ਬਾਰੇ ਲਿਖਿਆ, "ਫੀਫਾ ਦੁਆਰਾ ਮੇਰਾ ਤੇਜ਼ੀ ਨਾਲ ਮੁਅੱਤਲ ਮਗਰੋਂ ਜੋ ਵੀ ਕੇਸ ਮੇਰੇ ਵਿਰੁੱਧ ਬਣਾਇਆ ਜਾ ਰਿਹਾ ਹੈ, ਇਸ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਮੈਂ ਅਹੁਦੇ 'ਤੇ ਵਾਪਸ ਨਹੀਂ ਆ ਸਕਦਾ ਹਾਂ।"


ਜਾਣੋ ਕੀ ਸੀ ਪੂਰਾ ਮਾਮਲਾ?


ਮਹਿਲਾ ਫੀਫਾ ਵਿਸ਼ਵ ਕੱਪ 2023 ਵਿੱਚ ਸਪੇਨ ਨੇ ਫਾਈਨਲ ਵਿੱਚ ਇੰਗਲੈਂਡ ਨੂੰ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਇਸ ਜਿੱਤ ਤੋਂ ਬਾਅਦ ਲੁਈਸ ਰੂਬੀਏਲਸ ਨੇ ਬਿਨਾਂ ਸਲਾਹ-ਮਸ਼ਵਰੇ ਦੇ ਐਵਾਰਡ ਸਮਾਰੋਹ ਦੌਰਾਨ ਸਪੇਨ ਦੀ ਸਟਾਰ ਮਹਿਲਾ ਫੁੱਟਬਾਲਰ ਜੇਨੀ ਹਰਮੋਸੋ ਨੂੰ ਲਿਪ ਕਿੱਸ ਕੀਤਾ। ਇਹ ਘਟਨਾ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੀ ਹੈ, ਜਿੱਥੇ ਟੂਰਨਾਮੈਂਟ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਸੀ।


ਇਸ ਕਿੱਸ ਤੋਂ ਬਾਅਦ ਰੂਬੀਏਲਸ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਾ ਸੀ। ਰੂਬੀਏਲਸ ਨੇ ਸਪੈਨਿਸ਼ ਫੁੱਟਬਾਲ ਫੈਡਰੇਸ਼ਨ ਦੇ ਅੰਤਰਿਮ ਪ੍ਰਧਾਨ ਪੇਡਰੋ ਰੋਚਾ ਨੂੰ ਐਤਵਾਰ ਦੇਰ ਰਾਤ ਆਪਣੇ ਅਸਤੀਫੇ ਬਾਰੇ ਸੂਚਿਤ ਕੀਤਾ। ਦੱਸ ਦੇਈਏ ਕਿ ਲੁਈਸ ਰੂਬੀਏਲਸ ਦੇ ਮੁਅੱਤਲ ਤੋਂ ਬਾਅਦ 26 ਅਗਸਤ ਨੂੰ ਪੇਡਰੋ ਰੋਚਾ ਸਪੈਨਿਸ਼ ਫੁੱਟਬਾਲ ਫੈਡਰੇਸ਼ਨ ਦੇ ਅੰਤਰਿਮ ਪ੍ਰਧਾਨ ਬਣੇ ਸਨ। ਰੂਬੀਏਲਸ ਸਪੇਨ ਦਾ ਸਾਬਕਾ ਖਿਡਾਰੀ ਹੈ ਅਤੇ ਉਹ 2018 ਤੋਂ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਕੰਮ ਕਰ ਰਿਹਾ ਸੀ।


ਕਾਬਿਲੇਗੌਰ ਹੈ ਕਿ ਰੂਬੀਏਲਸ ਨੇ ਐਤਵਾਰ ਨੂੰ ਟੀਵੀ 'ਤੇ ਵੀ ਖੁਲਾਸਾ ਕੀਤਾ ਸੀ ਕਿ ਉਹ ਅਸਤੀਫਾ ਦੇ ਦੇਣਗੇ। ਉਸ ਨੇ ਕਿਹਾ ਕਿ ਉਹ ਆਪਣਾ ਕੰਮ ਜਾਰੀ ਨਹੀਂ ਰੱਖ ਸਕਦਾ। ਇੱਕ ਪ੍ਰੋਗਰਾਮ ਵਿੱਚ ਇੱਕ ਟੀਵੀ ਹੋਸਟ ਨੂੰ ਜਵਾਬ ਦਿੰਦੇ ਹੋਏ, ਲੁਈਸ ਰੂਬੀਏਲਸ ਨੇ ਕਿਹਾ, "ਮੈਂ ਅਸਤੀਫਾ ਦੇ ਦਿਆਂਗਾ, ਮੈਂ ਆਪਣਾ ਕੰਮ ਜਾਰੀ ਨਹੀਂ ਰੱਖ ਸਕਦਾ।"