ਰੀਓ - ਰੀਓ ਪੈਰਾਲਿੰਪਿਕਸ 'ਚ ਸ਼ੁੱਕਰਵਾਰ ਦਾ ਦਿਨ ਭਾਰਤ ਲਈ ਇਤਿਹਾਸਿਕ ਸਾਬਿਤ ਹੋਇਆ। ਹਾਈ ਜੰਪ 'ਚ ਟੀ-42 ਵਰਗ 'ਚ ਮਰੀਅੱਪਨ ਥੰਗਾਵੇਲੂ ਨੇ ਗੋਲਡ ਮੈਡਲ 'ਤੇ ਕਬਜਾ ਕੀਤਾ। ਥੰਗਾਵੇਲੂ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪੈਰਾਲਿੰਪਿਕ ਖੇਡਾਂ ਦੇ ਇਤਿਹਾਸ 'ਚ ਇਹ ਭਾਰਤ ਦਾ ਤੀਜਾ ਗੋਲਡ ਮੈਡਲ ਹੈ। 20 ਸਾਲ ਦੇ ਮਰੀਅੱਪਨ ਨੇ 1.89ਮੀਟਰ ਦਾ ਹਾਈ ਜੰਪ ਲਗਾ ਕੇ ਗੋਲਡ ਮੈਡਲ ਜਿੱਤਿਆ। 


  

 

ਸਬਜ਼ੀ ਵੇਚ ਕੇ ਹੁੰਦਾ ਹੈ ਗੁਜਾਰਾ 

 

ਮੈਡਲ ਜਿੱਤਣ ਤੋਂ ਬਾਅਦ ਰਾਤਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਕਈ ਹੋਰ ਹਸਤੀਆਂ ਨੇ ਇਸ ਖਿਡਾਰੀ ਦੀ ਤਾਰੀਫ ਕੀਤੀ। ਪਰ ਥੰਗਾਵੇਲੂ ਨੇ ਇਹ ਕਾਮਯਾਬੀ ਹਾਸਿਲ ਕਰਨ ਲਈ ਲੰਮੇ ਸੰਘਰਸ਼ ਦਾ ਸਾਹਮਣਾ ਕੀਤਾ ਹੈ। ਤਾਮਿਲਨਾਡੂ ਦੇ ਸਲੇਮ ਜ਼ਿਲੇ ਦੇ ਪੇਰੀਆਵਡਮਗੇਟੀ ਪਿੰਡ 'ਚ ਜਨਮੇ ਥੰਗਾਵੇਲੂ ਦਾ ਪਰਿਵਾਰ ਕਾਫੀ ਗਰੀਬ ਹੈ। ਉਨ੍ਹਾਂ ਦੀ ਮਾਂ ਸਬਜ਼ੀਆਂ ਵੇਚ ਕੇ ਪਰਿਵਾਰ ਚਲਾਉਂਦੀ ਹੈ। ਉਨ੍ਹਾਂ ਦੇ ਪਿਤਾ 10 ਸਾਲ ਪਹਿਲਾਂ ਹੀ ਪਰਿਵਾਰ ਨੂੰ ਛੱਡ ਗਏ ਸਨ। ਥੰਗਾਵੇਲੂ ਨੇ ਆਪਣੇ ਇਲਾਜ ਲਈ 3 ਲੱਖ ਰੁਪਏ ਦਾ ਲੋਨ ਲਿਆ ਜੋ ਅਜੇ ਤਕ ਉਤਾਰਿਆ ਨਹੀ ਹੈ। 


  

 

ਵਾਲੀਬਾਲ ਨਾਲ ਹੋਈ ਸ਼ੁਰੂਆਤ 

 

ਸ਼ੁਰੂਆਤੀ ਦਿਨਾ 'ਚ ਥੰਗਾਵੇਲੂ ਵਾਲੀਬਾਲ ਖੇਡਦੇ ਸਨ। ਜਦ ਓਹ 5 ਸਾਲ ਦੇ ਸਨ ਤਾਂ ਸਕੂਲ ਜਾਂਦੇ ਹੋਏ ਇੱਕ ਗੱਡੀ ਥੱਲੇ ਉਨ੍ਹਾਂ ਦਾ ਸੱਜਾ ਪੈਰ ਆ ਗਿਆ ਸੀ। ਇਸੇ ਕਾਰਨ ਉਨ੍ਹਾਂ ਦੇ ਸੱਜੇ ਪੈਰ 'ਚ ਫਰਕ ਪੈ ਗਿਆ। ਇਸ ਦੁਰਘਟਨਾ ਦਾ ਕੇਸ ਉਨ੍ਹਾਂ ਦਾ ਪਰਿਵਾਰ ਅਜੇ ਵੀ ਲੜ ਰਿਹਾ ਹੈ। ਉਨ੍ਹਾਂ ਦੇ ਫਿਜੀਕਲ ਐਜੂਕੇਸ਼ਨ ਇੰਸਟ੍ਰਕਟਰ ਨੇ ਉਨ੍ਹਾਂ ਨੂੰ ਹਾਈ ਜੰਪ ਕਰਨ ਲਈ ਪ੍ਰੇਰਿਤ ਕੀਤਾ। 14 ਸਾਲ ਦੀ ਉਮਰ 'ਚ ਉਨ੍ਹਾਂ ਨੇ ਆਮ ਬੱਚਿਆਂ ਨਾਲ ਮੁਕਾਬਲਾ ਕੀਤਾ ਅਤੇ ਦੂਜੇ ਸਥਾਨ 'ਤੇ ਰਹੇ। 18 ਸਾਲ ਦੀ ਉਮਰ 'ਚ ਕੋਚ ਸਤਿਆਨਰਾਇਨ ਨੇ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 'ਚ ਉਨ੍ਹਾਂ ਨੂੰ ਪਹਿਲੀ ਵਾਰ ਵੇਖਿਆ। ਇਸਤੋਂ ਬਾਅਦ ਉਨ੍ਹਾਂ ਨੇ ਥੰਗਾਵੇਲੂ ਨੂੰ ਟਰੇਨਿੰਗ ਦਿੱਤੀ। IPC ਟਯੂਨੀਸੀਆ ਗ੍ਰਾਂ ਪਰੀ 'ਚ ਓਹ ਪਹਿਲੇ ਸਥਾਨ 'ਤੇ ਰਹੇ ਸਨ। ਇਸਤੋਂ ਬਾਅਦ ਹੀ ਉਨ੍ਹਾਂ ਨੇ ਪੈਰਾਲਿੰਪਿਕਸ ਲਈ ਕੁਆਲੀਫਾਈ ਕੀਤਾ ਸੀ। 


  

 

ਬਿਜਨਸ ਐਡਮਿਨਿਸਟ੍ਰੇਸ਼ਨ 'ਚ ਗਰੈਜੂਏਟ 

 

ਥੰਗਾਵੇਲੂ ਬਿਜਨਸ ਐਡਮਿਨਿਸਟ੍ਰੇਸ਼ਨ 'ਚ ਗਰੈਜੂਏਟ ਵੀ ਹੈ। ਇਸਤੋਂ ਬਾਅਦ ਉਨ੍ਹਾਂ ਦੀ ਨੌਕਰੀ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਦਾ ਪਰਿਵਾਰ ਇੱਕ ਕਮਰੇ 'ਚ ਰਹਿੰਦਾ ਹੈ। ਇਸ ਕਮਰੇ 'ਚ ਰਹਿਣ ਦੇ ਉਨ੍ਹਾਂ ਨੂੰ 500 ਰੁਪਏ ਕਿਰਾਇਆ ਦੇਣਾ ਪੈਂਦਾ ਹੈ।