ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੇ ਕਾਰਨ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਲੜੀ ਨਹੀਂ ਹੋਵੇਗੀ। ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਲੜੀ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਹੋਣੀ ਸੀ। ਬੀਸੀਸੀਆਈ ਨੇ ਸਤੰਬਰ-ਅਕਤੂਬਰ 'ਚ ਆਈਪੀਐਲ ਦੇ 14 ਵੇਂ ਸੀਜ਼ਨ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ, ਇਸ ਲਈ ਇਹ ਲੜੀ ਖੇਡਣੀ ਸੰਭਵ ਨਹੀਂ।

ਹਾਲਾਂਕਿ ਬੀਸੀਸੀਆਈ ਨੇ ਹਾਲੇ ਤਕ ਇਸ ਲੜੀ ਨੂੰ ਰੱਦ ਕਰਨ ਬਾਰੇ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਬੀਸੀਸੀਆਈ ਦੇ ਸੂਤਰਾਂ ਅਨੁਸਾਰ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਕਾਰ ਲੜੀ ਨੂੰ ਰੱਦ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, "ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਲੜੀ ਖੇਡਣ ਦੀ ਸੰਭਾਵਨਾ ਬਹੁਤ ਘੱਟ ਹੈ। ਵਿਸ਼ਵ ਕੱਪ ਦੀ ਤਿਆਰੀ ਲਈ ਆਈਪੀਐਲ ਤੋਂ ਬਿਹਤਰ ਹੋਰ ਕੋਈ ਨਹੀਂ ਹੈ।"

 

ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?

ਪਹਿਲਾਂ ਵੀ ਰੱਦ ਹੋ ਚੁੱਕੀ ਲੜੀ
ਪਿਛਲੇ ਸਾਲ ਵੀ ਭਾਰਤ ਤੇ ਦੱਖਣੀ ਅਫ਼ਰੀਕਾ ਦੀ ਸੀਮਤ ਓਵਰਾਂ ਦੀ ਲੜੀ ਦੋ ਵਾਰ ਕੋਰੋਨਾ ਵਾਇਰਸ ਕਾਰਨ ਰੱਦ ਕੀਤੀ ਗਈ ਸੀ। ਮਾਰਚ 2020 'ਚ ਅਫਰੀਕੀ ਖਿਡਾਰੀ ਬਿਨਾਂ ਮੈਚ ਖੇਡੇ ਹੀ ਭਾਰਤ ਤੋਂ ਪਰਤ ਗਏ ਸਨ।


 



ਲੜੀ ਰੱਦ ਹੋਣ ਦਾ ਸਿੱਧਾ ਲਾਭ ਆਈਪੀਐਲ ਨੂੰ ਹੋਵੇਗਾ। ਬੀਸੀਸੀਆਈ ਆਈਪੀਐਲ ਦੇ 14ਵੇਂ ਸੀਜ਼ਨ ਨੂੰ ਯੂਏਈ 'ਚ ਸਤੰਬਰ ਦੇ ਤੀਜੇ ਹਫ਼ਤੇ ਤੋਂ ਅਕਤੂਬਰ ਦੇ ਦੂਜੇ ਹਫ਼ਤੇ ਤਕ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਬੀਸੀਸੀਆਈ 29 ਮਈ ਨੂੰ ਇਸ ਮਾਮਲੇ 'ਚ ਵੱਡਾ ਫ਼ੈਸਲਾ ਲੈ ਸਕਦੀ ਹੈ।

ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ ਦਾ 14ਵਾਂ ਸੀਜ਼ਨ 9 ਅਪ੍ਰੈਲ ਤੋਂ ਭਾਰਤ 'ਚ ਸ਼ੁਰੂ ਹੋਇਆ ਸੀ ਪਰ 3 ਮਈ ਨੂੰ ਲੀਗ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ, ਜਦੋਂ ਬਹੁਤ ਸਾਰੇ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। 14ਵੇਂ ਸੀਜ਼ਨ 'ਚ ਹੁਣ ਤਕ 29 ਮੈਚ ਖੇਡੇ ਜਾ ਚੁੱਕੇ ਹਨ ਤੇ ਬਾਕੀ 31 ਮੈਚ ਹੁਣ ਯੂਏਈ 'ਚ ਹੋਣਗੇ।