ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤ ਨੇ ICC ਰੈਂਕਿੰਗ 'ਚ 3ਵੇਂ ਸਥਾਨ 'ਤੇ ਮੁੜ ਕਬਜ਼ਾ ਕਰ ਲਿਆ ਹੈ। ਭਾਰਤ ਦੀ ਇੰਗਲੈਂਡ 'ਤੇ ਸੀਰੀਜ਼ ਜਿੱਤਣ ਨਾਲ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੂੰ ਆਈਸੀਸੀ ਪੁਰਸ਼ ਵਨਡੇ ਟੀਮ ਰੈਂਕਿੰਗ 'ਚ ਪਾਕਿਸਤਾਨ ਤੋਂ ਅੱਗੇ ਆਪਣਾ ਤੀਜਾ ਸਥਾਨ ਮਜ਼ਬੂਤ ​​ਕਰਨ 'ਚ ਮਦਦ ਮਿਲੀ।


109 ਰੇਟਿੰਗ ਅੰਕਾਂ ਨਾਲ ਭਾਰਤ ਹੁਣ ਪਾਕਿਸਤਾਨ (106) ਤੋਂ ਤਿੰਨ ਅੰਕ ਅੱਗੇ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ 128 ਰੇਟਿੰਗ ਅੰਕਾਂ ਨਾਲ ਚੋਟੀ 'ਤੇ ਬਰਕਰਾਰ ਹੈ। ਜੋਸ ਬਟਲਰ ਦੀ ਅਗਵਾਈ ਵਾਲੀ ਇੰਗਲੈਂਡ ਦੀ ਟੀਮ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਹਾਰਨ ਦੇ ਬਾਵਜੂਦ 121 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ।


ਫਾਈਨਲ ਮੈਚ 'ਚ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਦੇ ਪਹਿਲੇ ਵਨਡੇ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਖਿਲਾਫ ਸੀਰੀਜ਼ 2-1 ਨਾਲ ਜਿੱਤ ਲਈ। ਸੀਰੀਜ਼ 'ਚ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਤਾਜ਼ਾ ਦਰਜਾਬੰਦੀ 'ਚ ਤੀਜਾ ਸਥਾਨ ਹਾਸਲ ਕਰ ਲਿਆ ਹੈ।


ਇਹ ਆਉਣ ਵਾਲੇ ਹਫ਼ਤਿਆਂ ਵਿੱਚ ਬਦਲ ਸਕਦਾ ਹੈ, ਛੇਵੇਂ ਨੰਬਰ 'ਤੇ ਕਾਬਜ਼ ਦੱਖਣੀ ਅਫ਼ਰੀਕਾ ਇਸ ਸਮੇਂ ਪਾਕਿਸਤਾਨ ਤੋਂ ਸਿਰਫ਼ ਸੱਤ ਰੇਟਿੰਗ ਅੰਕ ਪਿੱਛੇ ਹੈ ਅਤੇ ਜੇਕਰ ਉਹ ਇੰਗਲੈਂਡ ਖ਼ਿਲਾਫ਼ ਆਪਣੀ ਆਗਾਮੀ ਤਿੰਨ ਮੈਚਾਂ ਦੀ ਲੜੀ ਜਿੱਤਦਾ ਹੈ ਤਾਂ ਉਹ ਚੌਥੇ ਸਥਾਨ 'ਤੇ ਪਹੁੰਚ ਸਕਦਾ ਹੈ।


ਇਸ ਦੇ ਨਾਲ ਹੀ ਭਾਰਤੀ ਟੀਮ ਇਸ ਮਹੀਨੇ ਦੇ ਅੰਤ 'ਚ ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਖੇਡੇਗੀ। ਪਾਕਿਸਤਾਨ ਇਸ ਸਮੇਂ ਸ਼੍ਰੀਲੰਕਾ ਖਿਲਾਫ ਟੈਸਟ ਮੈਚ ਖੇਡ ਰਿਹਾ ਹੈ। ਇਸ ਤੋਂ ਬਾਅਦ ਟੀਮ ਅਗਸਤ 'ਚ ਵਨਡੇ ਸੀਰੀਜ਼ 'ਚ ਨੀਦਰਲੈਂਡ ਦਾ ਸਾਹਮਣਾ ਕਰੇਗੀ।


ਕਾਬਿਲੇਗ਼ੌਰ ਹੈ ਕਿ ਮੈਚ ਵਿੱਚ ਹਾਰਦਿਕ ਪਾਂਡਿਆ ਤੇ ਰਿਸ਼ਭ ਪੰਤ ਦੀ ਪਾਰੀ ਜ਼ਬਰਦਸਤ ਰਹੀ ਸੀ। ਜਦਕਿ ਵਿਰਾਟ ਕੋਹਲੀ ਦਾ ਬੱਲਾ ਇਸ ਵਾਰ ਵੀ ਨਹੀਂ ਚੱਲ ਸਕਿਆ। ਇਸ ਦੇ ਨਾਲ ਰੋਹਿਤ ਸ਼ਰਮਾ ਵੀ 17 ਦੌੜਾਂ ਬਣਾ ਕੇ ਹੀ ਪਵੇਲੀਅਨ ਪਰਤ ਗਏ ਸੀ।