ਲੰਦਨ: ਮੈਨਚੈਸਟਰ ਦੇ ਓਲਡ ਟ੍ਰੈਫਰਡ ਗਰਾਊਂਡ 'ਤੇ ਮੰਗਲਵਾਰ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਬਾਰਸ਼ ਕਰਕੇ 46.1 ਓਵਰ ਬਾਅਦ ਰੋਕ ਦਿੱਤਾ ਗਿਆ। ਟਾਸ ਜਿੱਤ ਤੇ ਬੱਲੇਬਾਜ਼ੀ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਨੇ ਇਸ ਵੇਲੇ ਤਕ 5 ਵਿਕਟਾਂ ਗਵਾ ਕੇ 211 ਦੌੜਾਂ ਬਣਾਈਆਂ ਸੀ। ਇਸ ਮੈਚ ਨੂੰ ਅੱਜ ਅੱਗੇ ਵਧਾਇਆ ਜਾਏਗਾ। ਮੈਨਚੈਸਟਰ ਦੇ ਮੌਸਮ ਦੀ ਗੱਲ ਕੀਤੀ ਜਾਏ ਤਾਂ ਇਸ ਵੇਲੇ ਦਾ ਮੌਸਮ ਸਾਫ ਹੈ। ਕਿਤੇ-ਕਿਤੇ ਹਲਕੇ ਬੱਦਲ ਦਿੱਸ ਰਹੇ ਹਨ।


ਆਈਸੀਸੀ ਕ੍ਰਿਕੇਟ ਵਰਲਡ ਕੱਪ 2019 ਵਿੱਚ ਇਸ ਵਾਰ ਕਈ ਮੌਕਿਆਂ 'ਤੇ ਬਾਰਸ਼ ਨੇ ਮੈਚ ਵਿੱਚ ਅੜਿੱਕਾ ਪਾਇਆ। ਟੂਰਨਾਮੈਂਟ ਵਿੱਚ 45 ਲੀਗ ਮੈਚਾਂ ਵਿੱਚੋਂ 4 ਮੈਚ ਮੀਂਹ ਦੀ ਵਜ੍ਹਾ ਕਰਕੇ ਰੱਦ ਕਰਨੇ ਪਏ। ਇਹ ਗਿਣਤੀ ਹੁਣ ਤਕ ਕਿਸੇ ਵੀ ਵਰਲਡ ਕੱਪ ਵਿੱਚ ਸਭ ਤੋਂ ਵੱਧ ਹੈ। ਕਰੀਬ ਇੱਕ ਮਹੀਨੇ ਤੋਂ ਜਾਰੀ ਇਸ ਟੂਰਨਾਮੈਂਟ ਵਿੱਚ ਹਾਲੇ ਵੀ ਬਾਰਸ਼ ਦਾ ਡਰ ਬਣਿਆ ਰਹੇਗਾ।



ਮੌਸਮ ਦਾ ਹਾਲ ਜਾਣਨ ਤੋਂ ਪਹਿਲਾਂ ਇੰਗਲੈਂਡ ਤੇ ਭਾਰਤ ਦੇ ਸਮੇਂ ਦਾ ਫਰਕ ਸਮਝਣਾ ਹੋਏਗਾ। ਇੰਗਲੈਂਡ ਵਿੱਚ ਸਵੇਰੇ 10:30 ਵਜੇ ਮੈਚ ਖੇਡਿਆ ਜਾਏਗਾ, ਜਦਕਿ ਭਾਰਤੀ ਸਮੇਂ ਮੁਤਾਬਕ ਮੈਚ ਦੁਪਹਿਰ 3 ਵਜੇ ਸ਼ੁਰੂ ਹੋਏਗਾ। ਦੋਵਾਂ ਦੇਸ਼ਾਂ ਦੇ ਸਮੇਂ ਵਿੱਚ 4:30 ਘੰਟਿਆਂ ਦਾ ਫ਼ਰਕ ਹੈ।


ਹੁਣ ਭਾਰਤੀ ਸਮੇਂ ਮੁਤਾਬਕ ਮੈਨਚੈਸਟਰ ਵਿੱਚ ਬਾਰਸ਼ ਅੱਜ ਵੀ ਮੈਚ ਵਿੱਚ ਅੜਿੱਕਾ ਡਾਹ ਸਕਦੀ ਹੈ। ਬੱਦਲ ਛਾਏ ਰਹਿਣਗੇ। ਜਦੋਂ 3 ਵਜੇ ਮੈਚ ਸ਼ੁਰੂ ਹੋਏਗਾ, ਉਸ ਵੇਲੇ ਇੰਗਲੈਂਡ ਵਿੱਚ 10:30ਵੱਜ ਰਹੇ ਹੋਣਗੇ। ਇਸ ਦੌਰਾਨ 47 ਫੀਸਦੀ ਬਾਰਸ਼ ਦਾ ਅਨੁਮਾਨ ਹੈ। ਐਕਿਊਵੈਦਰਡਾਟਕਾਮ ਮੁਤਾਬਕ ਦੁਪਹਿਰ 4 ਵਜੇ 51 ਫੀਸਦੀ, ਸ਼ਾਮ 5 ਵਜੇ 47 ਫੀਸਦੀ, 6 ਵਜੇ 34 ਫੀਸਦੀ, ਰਾਤ 8 ਵਜੇ 40 ਫੀਸਦੀ, 9 ਵਜੇ 51 ਫੀਸਦੀ ਤੇ 10 ਵਜੇ 47 ਫੀਸਦੀ ਬਾਰਸ਼ ਹੋਣ ਦਾ ਅਨੁਮਾਨ ਹੈ।