ਕਾਰਡਿਫ: ਨਿਊਜ਼ੀਲੈਂਡ ਨੇ ਚੰਗੀ ਕ੍ਰਿਕੇਟ ਦਾ ਮੁਜ਼ਾਹਰਾ ਕਰਦਿਆਂ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਸ਼੍ਰੀਲੰਕਾ ਨੇ ਨਿਊਜ਼ੀਲੈਂਡ ਨੂੰ 137 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਨਿਊਜ਼ੀਲੈਂਡ ਨੇ 17ਵੇਂ ਓਵਰ ਵਿੱਚ ਹੀ ਪੂਰਾ ਕਰ ਲਿਆ।


ਸ਼੍ਰੀਲੰਕਾਈ ਟੀਮ ਨੇ ਖਰਾਬ ਖੇਡ ਦਾ ਮੁਜ਼ਾਹਰਾ ਕਰਦਿਆਂ ਮੈਚ ਸਰੰਡਰ ਹੀ ਕਰ ਦਿੱਤਾ ਅਤੇ ਟੀਮ ਪੂਰੇ 50 ਓਵਰ ਵੀ ਖੇਡ ਨਾ ਸਕੀ, ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ ਬਿਨਾਂ ਕਿਸੇ ਵਿਕਟ ਦੇ ਨੁਕਸਾਨ 'ਤੇ 137 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਨਿਊਜ਼ੀਲੈਂਡ ਦੀ ਸਲਾਮੀ ਜੋੜੀ ਮਾਰਟਿਨ ਗੁਪਟਿਲ ਤੇ ਕੌਲਿਨ ਮੁਨਰੋ ਨੇ ਕ੍ਰਮਵਾਰ 73 ਤੇ 58 ਨਾਬਾਦ ਦੌੜਾਂ ਦੀ ਪਾਰੀ ਖੇਡੀ ਅਤੇ ਮੈਚ ਜਿੱਤ ਲਿਆ। ਨਿਊਜ਼ੀਲੈਂਡ ਦੇ ਗੇਂਦਬਾਜ਼ ਮੈਟ ਹੈਨਰੀ ਤੇ ਲੋਕੀ ਫਰਗੂਸਨ ਨੇ ਤਿੰਨ-ਤਿੰਨ ਖਿਡਾਰੀਆਂ ਨੂੰ ਪੈਵੇਲੀਅਨ ਤੋਰਿਆ, ਜਦਕਿ ਟਰੈਂਟ ਬੋਊਲਟ, ਕੋਲਿਨ ਡੇ ਗ੍ਰੈਂਡਹੋਮ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਹੈਨਰੀ ਨੂੰ 29 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕਰਨ ਬਦਲੇ ਪਲੇਅਰ ਆਫ਼ ਦ ਮੈਚ ਖ਼ਿਤਾਬ ਦਿੱਤਾ ਗਿਆ।

ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ, ਜੋ ਉਨ੍ਹਾਂ ਲਈ ਬੇਹੱਦ ਸਹੀ ਸਾਬਤ ਹੋਇਆ। ਸ਼੍ਰੀਲੰਕਾ ਦੀ ਟੀਮ ਸ਼ੁਰੂ ਤੋਂ ਹੀ ਮੈਚ 'ਤੇ ਪਕੜ ਨਾ ਬਣਾ ਸਕੀ ਅਤੇ ਸਿਰਫ਼ ਤਿੰਨ ਖਿਡਾਰੀ ਹੀ ਦਹਾਈ ਦਾ ਅੰਕੜਾ ਪਾਰ ਕਰ ਸਕੇ। ਟੀਮ ਦੇ ਕਪਤਾਨ ਡਿਮੁਥ ਕਰੁਣਾਰਤਨੇ ਨੇ ਸਭ ਤੋਂ ਵੱਧ ਨਾਬਾਦ 52 ਦੌੜਾਂ ਬਣਾਈਆਂ ਜਦਕਿ ਵਿਕੇਟਕੀਪਰ ਕੁਸੇਲ ਪਰੇਰਾ ਨੇ 29 ਅਤੇ ਥਿਸਾਰਾ ਪਰੇਰਾ ਨੇ 27 ਦੌੜਾਂ ਬਣੀਆਂ। ਬਾਕੀ ਸਾਰੀ ਟੀਮ ਰਲ ਕੇ 17 ਦੌੜਾਂ ਹੀ ਬਣਾ ਸੀ।


ਬੇਸ਼ੱਕ, ਸ਼੍ਰੀਲੰਕਾਈ ਟੀਮ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ, ਪਰ ਫਿਰ ਵੀ ਕਪਤਾਨ ਡਿਮੁਥ ਕਰੁਣਾਰਤਨੇ ਨੇ ਵਿਲੱਖਣ ਰਿਕਾਰਡ ਦਰਜ ਕਰ ਲਿਆ। ਕਰੁਣਾਰਤਨੇ ਵਿਸ਼ਵ ਦੇ ਅਜਿਹੇ ਦੂਜੇ ਕਪਤਾਨ ਬਣ ਗਏ ਹਨ, ਜਿਸ ਨੇ ਇੱਕ ਦਿਨਾ ਮੈਚ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤਕ ਬੱਲੇਬਾਜ਼ੀ ਕੀਤੀ ਹੋਵੇ। ਉਨ੍ਹਾਂ 84 ਗੇਂਦਾਂ 'ਤੇ ਨਾਬਾਦ 52 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਰਿਡਲੀ ਜੈਕਬਸ ਨੇ ਸੰਨ 1999 ਵਿੱਚ ਆਸਟ੍ਰੇਲੀਆ ਖ਼ਿਲਾਫ਼ ਬਤੌਰ ਕਪਤਾਨ ਇਹ ਰਿਕਾਰਡ ਬਣਾਇਆ ਸੀ। ਡਿਮੁਥ ਕਰੁਣਾਰਤਨੇ ਆਪਣੇ ਕੌਮਾਂਤਰੀ ਕਰੀਅਰ ਵਿੱਚ ਤਿੰਨ ਵਾਰ ਮੈਚ ਦੀ ਸ਼ੁਰੂਆਤ ਤੋਂ ਅੰਤ ਤਕ ਨਾਬਾਦ ਰਹਿ ਚੁੱਕੇ ਹਨ।