Sports News - ਪੰਜਾਬ ਸਰਕਾਰ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2' ਦੀ ਸ਼ੁਰੂਆਤ ਮੁੱਖ ਮੰਤਰੀ ਵੱਲੋਂ ਬਠਿੰਡਾ ਵਿਖੇ ਉਦਘਾਟਨ ਕਰ ਕੇ ਕੀਤੀ ਜਾ ਰਹੀ ਹੈ। ਖੇਡਾਂ ਵਿਚ ਪਾਰਦਰਸ਼ਤਾ ਹੋਵੇ ਇਸ ਲਈ ਖੇਡ ਦਿਵਸ 'ਤੇ ਇਸ ਪ੍ਰਤੀ ਗੰਭੀਰ ਹੋਣ ਦੀ ਜ਼ਰੂਰਤ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਕ੍ਰਿਕਟ ਦੇ ਉਠਾਣ ਨੂੰ ਲੈ ਕੇ ਰੋਜ਼ਾਨਾ ਸੰਘਰਸ਼ਸ਼ੀਲ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ 2022 ਤੋਂ ਲੀਡਰ ਬੋਰਡ ਐਪ ਬੰਦ ਕੀਤੀ ਗਈ ਹੈ ਜਿਸ ਨਾਲ ਪੀਸੀਏ ਦੀ ਪਾਰਦਰਸ਼ਤਾ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।


ਦੱਸ ਦਈਏ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ 2019 ਤੱਕ ਹੱਥ ਨਾਲ ਲਿਖਤ ਸਕੋਰਿੰਗ ਹੀ ਕੀਤੀ ਜਾਂਦੀ ਸੀ। 2020 ਵਿਚ ਕੋਵਿਡ ਮਹਾਮਾਰੀ ਕਾਰਨ ਪੀਸੀਏ ਦਾ ਕੋਈ ਵੀ ਟੂਰਨਾਮੈਂਟ ਨਹੀਂ ਹੋਇਆ। 2021 ਵਿਚ ਪੀਸੀਏ ਵੱਲੋਂ ਪਹਿਲੀ ਵਾਰ ਟ੍ਰਾਈਡੈਂਟ ਕੱਪ ਅੰਡਰ-16 ਦੌਰਾਨ ਲੀਡਰ ਬੋਰਡ ਐਪ ਸ਼ੁਰੂ ਕੀਤੀ ਗਈ ਅਤੇ ਇਸ ਸਾਲ ਸਾਰੇ ਟੂਰਨਾਮੈਂਟ ਵਿਚ ਪੀਸੀਏ ਵੱਲੋਂ ਲੀਡਰ ਬੋਰਡ ਐਪ ਦੇ ਨਾਲ-ਨਾਲ ਹੱਥ ਲਿਖਤ ਸਕੋਰਿੰਗ ਕਰਵਾਈ ਗਈ। 2022 ਤੋਂ ਪੀਸੀਏ ਵੱਲੋਂ ਲੀਡਰ ਬੋਰਡ ਐਪ ਬੰਦ ਕਰਵਾ ਕੇ ਨਵੀਂ ਐਪ ਰਾਹੀਂ ਸਕੋਰਿੰਗ ਕਰਵਾਈ ਜਾ ਰਹੀ ਹੈ।


ਕ੍ਰਮਵਾਰ ਖਿਡਾਰੀਆਂ ਦੇ ਪ੍ਰਦਰਸ਼ਨ ਉਲੇਖ ਹੋਣ ਕਾਰਨ ਲੀਡਰ ਬੋਰਡ ਐਪ ਪਾਰਦਰਸ਼ੀ ਚੋਣ ਵਿਚ ਅਤਿ ਮਹੱਤਵਪੂਰਨ ਹੈ। ਇੰਟਰਵਿਊ ਪੈਨਲ ਲਈ ਜਿਸ ਤਰ੍ਹਾਂ ਨੌਕਰੀ ਦੇਣ ਸਮੇਂ ਲਿਖਤੀ ਟੈਸਟ ਦੀ ਮੈਰਿਟ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੁੰਦਾ ਹੈ ਉਸੇ ਤਰ੍ਹਾਂ ਖਿਡਾਰੀਆਂ ਦੀ ਚੋਣ ਸਮੇਂ ਸਲੈਕਟਰਾਂ ਲਈ ਲੀਡਰ ਬੋਰਡ ਵਿਚ ਉਚ ਪ੍ਰਦਰਸ਼ਨ ਖਿਡਾਰੀਆਂ ਨੂੰ ਅੱਖੋਂ ਓਹਲੇ ਕਰਨਾ ਸੰਭਵ ਨਹੀਂ।


ਬਤੌਰ ਪ੍ਰਧਾਨ ਰਜਿੰਦਰ ਗੁਪਤਾ ਵੱਲੋਂ ਪੰਜਾਬ 'ਚ ਮੇਜਰ-ਮਾਈਨਰ ਜ਼ਿਲੇ੍ਹ ਬੰਦ ਕਰ ਕੇ ਸਾਰਿਆਂ ਨੂੰ ਇਕ ਸਮਾਨਤਾਵਾਂ ਦੇ ਅਧਿਕਾਰ ਦਿੱਤੇ। ਲੀਡਰ ਬੋਰਡ ਐਪ ਵੀ ਰਜਿੰਦਰ ਗੁਪਤਾ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਈ। ਲੀਡਰ ਬੋਰਡ ਐਪ ਵਿਚ ਬੱਲੇਬਾਜ਼ੀ, ਗੇਂਦਬਾਜ਼ੀ, ਫੀਲਡਿੰਗ ਅਤੇ ਐੱਮਵੀਪੀ ਦੇ ਚਾਰ ਤਰ੍ਹਾਂ ਦੇ ਪ੍ਰਦਰਸ਼ਨਾਂ ਨੂੰ ਦਰਸਾਇਆ ਜਾਂਦਾ ਹੈ। ਬੱਲੇਬਾਜ਼ੀ ਵਿਚ ਖਿਡਾਰੀਆਂ ਦੇ ਟੂਰਨਾਮੈਂਟ ਦੌਰਾਨ ਕੀਤੀ ਬੱਲੇਬਾਜ਼ੀ ਦੌਰਾਨ ਬਣਾਈਆਂ ਗਈਆਂ ਦੌੜਾਂ ਦੇ ਹਿਸਾਬ ਨਾਲ ਉਪਰ ਤੋਂ ਹੇਠਾਂ ਵੱਲ ਲੜੀ ਰਾਹੀਂ ਬੱਲੇਬਾਜ਼ੀ ਦੇ ਪ੍ਰਦਰਸ਼ਨ ਨੂੰ ਦਰਸਾਇਆ ਜਾਂਦਾ ਹੈ ਜਦਕਿ ਗੇਂਦਬਾਜ਼ੀ ਵਿਚ ਵਿਕਟਾਂ ਦੇ ਹਿਸਾਬ ਨਾਲ ਬੋਰਡ ਬਣਾਇਆ ਜਾਂਦਾ ਹੈ। ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਸਭ ਤੋਂ ਉਪਰ ਹੁੰਦਾ ਹੈ ਲੀਡਰ ਬੋਰਡ ਵਿਚ। ਰਜਿੰਦਰ ਗੁਪਤਾ ਦੇ ਕਾਰਜਕਾਲ ਨੂੰ ਅਗਰ ਪੰਜਾਬ ਵਿਚ ਕ੍ਰਿਕਟ ਦਾ ਸਵਰਨ ਯੁੱਗ ਕਿਹਾ ਜਾਵੇ ਤਾਂ ਘੱਟ ਨਹੀਂ ਹੋਵੇਗਾ।


ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਵਿਚ ਰਹੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਪੀਸੀਏ ਦੀ ਲੀਡਰ ਬੋਰਡ ਐਪ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਨਵੰਬਰ 2021 'ਚ ਇਕ ਕ੍ਰਿਕਟ ਪੋ੍ਗਰਾਮ ਦੌਰਾਨ ਜਨਤਕ ਤੌਰ 'ਤੇ ਲੀਡਰ ਬੋਰਡ ਐਪ ਦੀ ਨਿਖੇਧੀ ਕੀਤੀ ਸੀ। ਹੁਣ ਸਵਾਲ ਉੱਠਦਾ ਹੈ ਕਿ ਪੀਸੀਏ ਵੱਲੋਂ ਇਸ ਸਾਬਕਾ ਕੈਬਨਿਟ ਮੰਤਰੀ ਦੇ ਦਬਾਅ ਵਿਚ ਐਪ ਨੂੰ ਕਿਤੇ ਬਦਲਿਆਂ ਤਾਂ ਨਹੀਂ ਗਿਆ।