ਮੈਚ ਰੈਫਰੀ ਡੇਵਿਡ ਬੂਨ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ਤੈਅ ਸਮੇਂ ਤੋਂ ਇੱਕ ਓਵਰ ਦਾ ਜ਼ਿਆਦਾ ਸਮਾਂ ਲੈਣ ਦੇ ਚੱਲਦਿਆਂ ਜੁਰਮਾਨਾ ਲਾਇਆ ਗਿਆ ਹੈ। ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ "ਆਈਸੀਸੀ ਦੇ ਜ਼ਾਬਤੇ ਦੀ ਧਾਰਾ 2.22 ਦੀ ਉਲੰਘਣਾ ਕਰਨ 'ਤੇ ਖਿਡਾਰੀਆਂ ਨੂੰ ਪ੍ਰਤੀ ਓਵਰ ਉਨ੍ਹਾਂ ਦੀ ਮੈਚ ਫੀਸ ਦਾ 20 ਪ੍ਰਤੀਸ਼ਤ ਜੁਰਮਾਨਾ ਲਾਇਆ ਗਿਆ ਹੈ।"
ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਹਲੀ ਨੇ ਆਪਣੀ ਗਲਤੀ ਮੰਨੀ ਤੇ ਸਜ਼ਾ ਵੀ ਕਬੂਲ ਕਰ ਲਈ ਜਿਸ ਦੇ ਚੱਲਦਿਆਂ ਅਧਿਕਾਰਤ ਸੁਣਵਾਈ ਦੀ ਜ਼ਰੂਰਤ ਨਹੀਂ ਪਈ। ਮੈਦਾਨੀ ਅੰਪਾਇਰ ਰਾਡ ਟੱਕਰ ਤੇ ਸੇਮ ਮੋਗਾਜਸਕੀ ਦੇ ਇਲਾਵਾ ਟੀਵੀ ਅੰਪਾਇਰ ਪੌਲ ਰਾਈਫੇਲ ਤੇ ਚੌਥੇ ਅੰਪਾਇਰ ਜੇਰਾਰਡ ਅਬੂਡ ਨੇ ਭਾਰਤੀ ਟੀਮ ਉੱਤੇ ਇਹ ਇਲਜ਼ਾਮ ਲਾਏ ਸਨ।
ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਸ਼ੁੱਕਰਵਾਰ ਨੂੰ ਖੇਡਿਆ ਗਿਆ ਪਹਿਲਾ ਵਨਡੇ ਤੈਅ ਸਮੇਂ ਤੋਂ ਜ਼ਿਆਦਾ ਚੱਲਿਆ। ਇਹ ਮੈਚ ਸਥਾਨਕ ਸਮੇਂ ਅਨੁਸਾਰ ਰਾਤ 10:15 ਵਜੇ ਖ਼ਤਮ ਹੋ ਜਾਣਾ ਚਾਹੀਦਾ ਸੀ ਪਰ ਇਹ ਮੈਚ 11:10 ਵਜੇ ਖ਼ਤਮ ਹੋਇਆ।
ਦੱਸ ਦਈਏ ਕਿ ਟੀਮ ਇੰਡੀਆ ਦੇ ਲਈ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਬਣੇ ਰਹਿਣ ਦੇ ਲਈ ਦੂਸਰਾ ਵਨਡੇ ਜਿੱਤਣਾ ਬਹੁਤ ਜ਼ਰੂਰੀ ਹੋ ਗਿਆ ਹੈ। ਐਤਵਾਰ ਨੂੰ ਟੀਮ ਇੰਡੀਆ ਦੂਸਰੇ ਵਨਡੇ ਮੈਚ ਵਿੱਚ ਆਸਟਰੇਲੀਆ ਨਾਲ ਭਿੜੇਗੀ। ਪਹਿਲੇ ਮੈਚ ਵਿਚ ਗੇਂਦਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਟੀਮ ਵਿੱਚ ਬਦਲਾਅ ਕਰ ਸਕਦੇ ਹਨ।