ਚੰਡੀਗੜ੍ਹ: ਭਾਰਤੀ ਕਪਤਾਨ ਵਿਰਾਟ ਕੋਹਲੀ ਅਗਲੇ ਮਹੀਨੇ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੇ ਤਿੰਨ ਟੀ-20 ਮੈਚਾਂ ਦੀ ਲੜੀ ਵਿੱਚੋਂ ਬਾਹਰ ਹੋ ਸਕਦੇ ਹਨ। ਉਨ੍ਹਾਂ ਨੂੰ ਆਰਾਮ ਦੇਣ ਦੀ ਗੱਲ ਕਹੀ ਜਾ ਰਹੀ ਹੈ। ਕੋਹਲੀ ਨੇ ਆਖਰੀ ਵਾਰ ਜਨਵਰੀ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਪੰਜ ਵਨ ਡੇ ਸੀਰੀਜ਼ ਵਿੱਚ ਤਿੰਨ ਮੈਚ ਖੇਡਣ ਤੋਂ ਬਾਅਦ ਆਰਾਮ ਕੀਤਾ ਸੀ।


ਉਨ੍ਹਾਂ ਤੋਂ ਇਲਾਵਾ ਟੀਮ ਦੇ ਕਈ ਹੋਰ ਸੀਨੀਅਰ ਖਿਡਾਰੀਆਂ ਨੂੰ ਵੀ ਟੀਮ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ, ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਰੋਹਿਤ ਸ਼ਰਮਾ ਨੂੰ ਟੀਮ ਦੀ ਕਮਾਨ ਦਿੱਤੀ ਜਾ ਸਕਦੀ ਹੈ।


ਬੋਰਡ ਅਧਿਕਾਰੀ ਨੇ ਕਿਹਾ, 'ਕੋਹਲੀ ਟੀ-20 ਸੀਰੀਜ਼ ਵਿੱਚ ਨਹੀਂ ਖੇਡਣਗੇ। ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੈ। ਉਹ ਆਸਟਰੇਲੀਆ ਦੀ ਲੜੀ ਤੋਂ ਆਈਪੀਐਲ, ਵਰਲਡ ਕੱਪ, ਵੈਸਟਇੰਡੀਜ਼ ਦੌਰੇ ਤੇ ਬਾਅਦ ਦੱਖਣੀ ਅਫਰੀਕਾ ਦੇ ਖਿਲਾਫ ਲੜੀ ਵਿੱਚ ਨਿਰੰਤਰ ਖੇਡੇ ਹਨ। ਖਿਡਾਰੀਆਂ ਦਾ ਵਰਕਲੋਡ ਪ੍ਰਬੰਧਨ ਸਾਡੀ ਪ੍ਰਾਥਮਿਕਤਾ ਹੈ। ਖ਼ਾਸਕਰ ਉਹ ਖਿਡਾਰੀ ਜੋ ਲਗਾਤਾਰ ਤਿੰਨੋਂ ਫਾਰਮੈਟ ਵਿੱਚ ਖੇਡ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਖਿਡਾਰੀ ਤਰੋਤਾਜ਼ਾ ਰਹਿਣ ਅਤੇ ਹਮੇਸ਼ਾ ਆਪਣੀ ਖੇਡ ਦੇ ਸਿਖਰ 'ਤੇ ਰਹਿਣ।'