ਲੰਡਨ: ਮੈਨ ਆਫ ਦ ਮੈਚ ਜੋਏ ਰੂਟ (113 ਦੌੜਾਂ) ਦੇ ਸੈਂਕੜੇ ਦੀ ਬਦੌਲਤ ਖੜ੍ਹੇ ਕੀਤੇ 322 ਦੇ ਮਜ਼ਬੂਤ ਸਕੋਰ ਅੱਗੇ ਭਾਰਤ ਟੀ ਟੀਮ ਟਿਕ ਨਹੀਂ ਸਕੀ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਜ਼ਬਰਦਸਤ ਬਚਾਅ ਕਰਦਿਆਂ ਦੂਜੇ ਵਨਡੇਅ ਮੈਚ ਵਿੱਚ ਭਾਰਤ ਨੂੰ 86 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਵਿੱਚ ਜਿੱਤ ਹਾਸਲ ਕਰਕੇ ਮੇਜ਼ਬਾਨ ਇੰਗਲੈਂਡ ਨੇ ਤਿੰਨ ਵਨਡੇਅ ਮੈਚਾਂ ਦੀ ਸੀਰੀਜ਼ ਵਿੱਚ 1-1 ਤੋਂ ਬਰਾਬਰੀ ਕਰ ਲਈ ਹੈ।
ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਨਾਲ 322 ਦੌੜਾਂ ਬਣਾਈਆਂ ਸੀ। ਭਾਰਤੀ ਟੀਮ ਇਹ ਅੰਕੜਾ ਪੂਰਾ ਨਹੀਂ ਕਰ ਸਕੀ। 50 ਓਵਰ ਖੇਡਣ ਦੇ ਬਾਅਦ ਭਾਰਤੀ ਟੀਮ 236 ਦੌੜਾਂ ’ਤੇ ਹੀ ਆਲ ਆਊਟ ਹੋ ਗਈ। ਭਾਰਤ ਦਾ ਅਖ਼ਰੀ ਵਿਕਟ 50ਵੇਂ ਓਵਰ ਦੀ ਆਖਰੀ ਗੇਂਦ ’ਤੇ ਯੁਜਵਿੰਦਰ ਚਹਿਲ (12 ਦੌੜਾਂ) ਹੱਥੋਂ ਡਿੱਗਿਆ।
ਇੰਗਲੈਂਡ ਦੇ ਰੂਟ ਦੇ ਇਲਾਵਾ ਕਪਤਾਨ ਇਓਨ ਮੌਰਗਨ ਨੇ ਵੀ ਅੱਧ ਸੈਂਕੜਾ ਜੜ੍ਹਦਿਆਂ 53 ਦੌੜਾਂ ਬਣਾਈਆਂ ਤੇ ਡੇਵਿਡ ਵਿਲੇ ਨੇ ਵੀ ਅੰਤ ਵਿੱਚ ਨਾਬਾਦ ਅੱਧ ਸੈਂਕੜਾ ਹਾਸਲ ਕਰਦਿਆਂ ਪੂਰੀਆਂ 50 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ 300 ਦੇ ਪਾਰ ਕੀਤਾ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਆਪਣੇ ਬੱਲੇਬਾਜ਼ਾਂ ਦੀ ਸਫਲਤਾ ਨੂੰ ਵਿਅਰਥ ਨਹੀਂ ਜਾਣ ਦਿੱਤਾ। ਸਭ ਤੋਂ ਵੱਧ ਵਿਕਟ ਲਿਆਮ ਪਲੰਕਟ ਨੇ ਲਈਆਂ। ਉਸ ਨੇ ਭਾਰਤ ਦੀਆਂ 4 ਵਿਕਟਾਂ ਲਈਆਂ। ਵਿਲੇ ਤੇ ਆਦਿਲ ਰਾਸ਼ਿਦ ਨੂੰ ਦੋ-ਦੋ ਮਿਲੀਆਂ। ਮਾਰਕ ਵੁੱਡ ਤੇ ਮੋਈਨ ਅਲੀ ਨੇ ਵੀ ਇੱਕ-ਇੱਕ ਵਿਕਟ ਝਟਕਾਈ।
ਮੁਸ਼ਕਲ ਸਕੋਰ ਦਾ ਪਿੱਛਾ ਕਰਦਿਆਂ ਭਾਰਤ ਦੇ ਰੋਹਿਤ ਸ਼ਰਮਾ (15) ਤੇ ਸ਼ਿਖਰ ਧਵਨ (36) ਨੇ ਹੋਲ਼ੀ ਹੀ ਸਹੀ, ਪਰ ਸਹੀ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 8.2 ਓਵਰਾਂ ਵਿੱਚ 49 ਦੌੜਾਂ ਬਣਾਈਆਂ। 60 ਦੇ ਸਕੋਰ ਕਰ ਪੁੱਜਦਿਆਂ-ਪੁੱਜਦਿਆਂ ਭਾਰਤ ਦੇ ਤਿੰਨ ਬਿਹਤਰ ਬੱਲੇਬਾਜ਼ ਆਊਟ ਹੋ ਚੁੱਕੇ ਸੀ। ਇੱਥੋਂ ਕਪਤਾਨ ਵਿਰਾਟ ਕੋਹਲੀ (45) ਤੇ ਸੁਰੇਸ਼ ਰੈਨਾ (46) ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪਰ ਇੰਗਲੈਂਡ ਦੇ ਗੇਂਦਬਾਜ਼ਾਂ ਭਾਰਤੀ ਬੱਲੇਬਾਜ਼ਾਂ ਨੂੰ ਆਪਣੀ ਮੰਜ਼ਲ ਤਕ ਪਹੁੰਚਣ ਤੋਂ ਰੋਕਣ ਵਿੱਚ ਕਾਮਯਾਬ ਹੋ ਗਏ।
ਇਸ ਮੈਚ ਦੌਰਾਨ ਧੋਨੀ ਨੇ ਵਨਡੇਅ ਕ੍ਰਿਕਟ ਵਿੱਚ ਆਪਣੀਆਂ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਉਹ ਵਨਡੇਅ ਵਿੱਚ ਸਭ ਤੋਂ ਤੇਜ਼ੀ ਨਾਲ 10 ਹਜ਼ਾਰ ਦੌੜਾਂ ਬਣਾਉਣ ਵਾਲਾ ਦੁਨੀਆ ਦਾ ਪੰਜਵਾਂ ਬੱਲੇਬਾਜ਼ ਬਣ ਗਿਆ ਹੈ।
ਇਸ ਸਕੋਰ ਲਈ ਧੋਨੀ ਨੇ 273 ਪਾਰੀਆਂ ਲਈਆਂ ਜਦਕਿ ਇਸ ਸੂਚੀ ਵਿੱਚ ਸਭ ਤੋਂ ਉੱਪਰ ਬੈਠੇ ਸਚਿਨ ਤੇਂਦੁਲਕਰ ਨੇ ਮਹਿਜ਼ 259 ਪਾਰੀਆਂ ਵਿੱਚ ਇਹ ਉਪਲੱਬਧੀ ਹਾਸਲ ਕੀਤੀ ਸੀ।