ਦਾਮਬੁਲਾ: ਸ਼੍ਰੀਲੰਕਾ ਦੇ ਦੌਰੇ 'ਤੇ ਗਈ ਭਾਰਤੀ ਕ੍ਰਿਕੇਟ ਟੀਮ ਨੇ ਆਪਣੇ ਪਹਿਲੇ ਪੜਾਅ ਨੂੰ ਕਾਮਯਾਬੀ ਨਾਲ ਪਾਰ ਕਰ ਲਿਆ ਹੈ। ਪਹਿਲੇ ਪੜਾਅ ਵਿੱਚ ਟੀਮ ਇੰਡਿਆ ਨੇ ਲੰਕਾ ਨੂੰ ਟੈਸਟ ਲੜੀ ਵਿੱਚ ਕਰਾਰੀ ਮਾਤ ਦਿੰਦਿਆਂ ਤਿੰਨ ਮੈਚਾਂ ਦੀ ਲੜੀ ਨੂੰ 3-0 ਨਾਲ ਆਪਣੇ ਨਾਂ ਕਰ ਲਿਆ।

ਦੱਸਣਾ ਬਣਦਾ ਹੈ ਕਿ ਸ੍ਰੀਲੰਕਾ ਦੇ ਇਸ ਲੰਮੇ ਦੌਰੇ 'ਤੇ ਭਾਰਤ ਨੂੰ ਪੰਜ ਇੱਕ ਦਿਨਾਂ ਮੈਚ ਅਤੇ ਫਿਰ ਇੱਕ ਟੀ-20 ਮੁਕਾਬਲਾ ਵੀ ਖੇਡਣਾ ਹੈ। ਇਸ ਕੜੀ ਵਿੱਚ ਭਾਰਤੀ ਟੀਮ ਅੱਜ ਤੋਂ ਇੱਕ ਦਿਨਾਂ ਕ੍ਰਿਕੇਟ ਮੈਚਾਂ ਦੀ ਲੜੀ ਦਾ ਆਗਾਜ਼ ਕਰਨ ਜਾ ਰਹੀ ਹੈ। ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਇਹ ਮੈਚ ਅੱਜ ਰਾਂਗੀਰੀ ਦਾਮਬੁਲਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਪਹਿਲੇ ਟੈਸਟ ਮੈਚ ਵਿੱਚ ਭਾਰਤ ਨੇ 304 ਦੌੜਾਂ ਅਤੇ ਬਾਕੀ ਦੋ ਟੈਸਟ ਮੈਚਾਂ ਵਿੱਚ ਇੱਕ ਪਾਰੀ ਨਾਲ ਜਿੱਤ ਹਾਸਲ ਕੀਤੀ ਸੀ।

ਇੱਕ ਪਾਸੇ ਜਿੱਥੇ ਭਾਰਤੀ ਟੀਮ ਇੱਕ ਦਿਨਾਂ ਲੜੀ ਵਿੱਚ ਆਪਣੀ ਜੇਤੂ ਮੁਹਿੰਮ ਨੂੰ ਬਰਕਰਾਰ ਰੱਖਣ ਲਈ ਮੈਦਾਨ ਵਿੱਚ ਉੱਤਰਨ ਵਾਲੀ ਹੈ, ਉਥੇ ਹੀ ਦੂਜੇ ਪਾਸੇ ਭਾਰਤੀ ਖਿਡਾਰੀਆਂ ਸਾਮ੍ਹਣੇ ਕਮਜ਼ੋਰ ਨਜ਼ਰ ਆ ਰਹੀ ਸ਼੍ਰੀਲੰਕਾ ਟੀਮ 'ਤੇ 2019 ਦੇ ਵਿਸ਼ਵ ਕੱਪ ਵਿੱਚ ਸਿੱਧੇ ਤੌਰ 'ਤੇ ਦਾਖ਼ਲ ਹੋਣ ਲਈ ਦਬਾਅ ਬਣਿਆ ਹੋਇਆ ਹੈ।

ਜੇਕਰ ਸ਼੍ਰੀਲੰਕਾ ਨੂੰ ਵਿਸ਼ਵ ਕੱਪ ਵਿੱਚ ਆਪਣਾ ਦਾਖ਼ਲਾ ਯਕੀਨੀ ਬਣਾਉਣਾ ਹੈ ਤਾਂ ਉਸ ਨੂੰ ਭਾਰਤ ਖਿਲਾਫ਼ ਘੱਟੋ-ਘੱਟ ਦੋ ਇੱਕ ਦਿਨਾ ਮੈਚਾਂ ਵਿੱਚ ਜਿੱਤ ਦਰਜ ਕਰਨੀ ਹੋਵੇਗੀ। ਇਸ ਸਮੇਂ ਇੱਕ ਦਿਨਾ ਰੈਂਕਿੰਗ ਵਿੱਚ ਸ਼੍ਰੀਲੰਕਾ ਦੀ ਟੀਮ 88 ਅੰਕਾਂ ਦੇ ਨਾਲ ਅੱਠਵੇਂ ਸਥਾਨ 'ਤੇ ਹੈ। ਜਦਕਿ ਭਾਰਤ ਇਸ ਰੈਂਕਿੰਗ ਵਿੱਚ ਦੱਖਣੀ ਅਫਰੀਕਾ ਤੇ ਆਸਟ੍ਰੇਸੀਆ ਤੋਂ ਬਾਅਦ ਤੀਜੇ ਸਥਾਨ 'ਤੇ ਹੈ।

ਮੇਜ਼ਬਾਨ ਇੰਗਲੈਂਡ ਦੇ ਨਾਲ ਵਨ ਡੇਅ ਰੈਂਕਿੰਗ ਵਿੱਚ ਸਿਖਰਲੀਂ ਸੱਤ ਟੀਮਾਂ ਸਿੱਧੇ ਤੌਰ ਉੱਤੇ 2019 ਦੇ ਵਿਸ਼ਵ ਕੱਪ ਟੂਰਨਾਮੇਂਟ ਵਿੱਚ ਪਰਵੇਸ਼ ਕਰਨਗੀਆਂ, ਜਦਕਿ ਬਾਕੀ ਬਚੀਆਂ ਚਾਰ ਟੀਮਾਂ ਨੂੰ ਕਵਾਲੀਫ਼ਾਇੰਗ ਰਾਊਂਡ ਖੇਡਣਾ ਹੋਵੇਗਾ।

ਇਸ ਲੜੀ ਲਈ ਜੇਕਰ ਭਾਰਤੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਗੇਂਦਬਾਜ਼ੀ ਦੀ ਮਜ਼ਬੂਤੀ ਲਈ ਵਿਰਾਟ ਦੀ ਟੀਮ ਵਿੱਚ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਸ਼ਾਰਦੁਲ ਠਾਕੁਰ ਅਤੇ ਆਲਰਾਊਂਡਰ ਹਾਰਦਿਕ ਪਾਂਡਿਆ ਮੌਜੂਦ ਹਨ। ਇਸ ਤੋਂ ਇਲਾਵਾ, ਅਕਸ਼ਰ ਮੁਖੀਆ, ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਨੂੰ ਵੀ ਕਪਤਾਨ ਕੋਹਲੀ ਦੀ ਟੀਮ ਵਿੱਚ ਜਗ੍ਹਾ ਮਿਲੀ ਹੈ।

ਬੱਲੇਬਾਜੀ ਦੀ ਗੱਲ ਕੀਤੀ ਜਾਵੇ, ਤਾਂ ਮਹੇਂਦਰ ਸਿੰਘ ਧੋਨੀ ਵੀ ਆਪਣੇ ਦਮ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਤੋਂ ਇਲਾਵਾ ਸੱਟ ਤੋਂ ਬਾਅਦ ਟੀਮ ਵਿੱਚ ਵਾਪਸੀ ਕਰ ਰਹੇ ਕੇ. ਐਲ. ਰਾਹੁਲ ਦੇ ਪ੍ਰਦਰਸ਼ਨ 'ਤੇ ਵੀ ਸਭ ਦੀਆਂ ਨਜ਼ਰਾਂ ਹੋਣਗੀਆਂ। ਪਾਰੀ ਦੀ ਸ਼ੁਰੂਆਤ ਰੋਹਿਤ ਸ਼ਰਮਾ ਅਤੇ ਸਿਖਰ ਧਵਨ ਕਰ ਸਕਦੇ ਹਨ।

ਬਾਕਿ ਬੱਲੇਬਾਜ਼ੀ ਦੀ ਕਮਾਨ ਕਪਤਾਨ ਕੋਹਲੀ ਵੀ ਸੰਭਾਲਣਗੇ ਜੋ ਖ਼ੁਦ ਦੁਨੀਆ ਦੇ ਬਿਹਤਰੀਨ ਬੱਲੇਬਾਜ਼ਾਂ ਵਿੱਚੋਂ ਇੱਕ ਹਨ। ਟੀਮ ਵਿੱਚ ਰਹਾਣੇ ਵੀ ਹਨ ਤਾਂ ਇਸ ਤਰ੍ਹਾਂ ਟੀਮ ਇੰਡਿਆ ਹਰ ਪੱਖ ਤੋਂ ਲੰਕਾਈ ਟੀਮ 'ਤੇ ਫ਼ਤਿਹ ਹਾਸਲ ਕਰਨ ਲਈ ਤਿਆਰ ਲੱਗ ਰਹੀ ਹੈ।