ਚੰਡੀਗੜ੍ਹ: ਪਹਿਲੇ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ 5-0 ਨਾਲ ਮਾਤ ਦੇ ਕੇ ਹਾਕੀ ਵਿਸ਼ਵ ਕੱਪ ਦੀ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਭਾਰਤੀ ਪੁਰਸ਼ ਟੀਮ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਬੈਲਜ਼ੀਅਮ ਨਾਲ ਹੋਵੇਗਾ। ਦੋਵੇਂ ਟੀਮਾਂ ਨੇ ਆਪਣੇ ਵਿਸ਼ਵ ਕੱਪ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਭਲਕੇ ਹੋਣ ਵਾਲੇ ਇਸ ਮੁਕਾਬਲੇ 'ਚ ਦੋਵਾਂ ਟੀਮਾਂ ਦੀ ਕੋਸ਼ਿਸ਼ ਆਪਣੀ ਜੇਤੂ ਲੈਅ ਬਰਕਰਾਰ ਰੱਖਣ ਦੀ ਹੋਵੇਗੀ।
ਭਾਰਤ ਲਈ ਇਹ ਮੈਚ ਆਸਾਨ ਨਹੀਂ ਹੋਵੇਗਾ। ਵਿਸ਼ਵ 'ਚ ਤੀਜੇ ਨੰਬਰ 'ਤੇ ਰਹਿਣ ਵਾਲੇ ਬੈਲਜ਼ੀਅਮ ਦੀ ਖੇਡ ਭਾਰਤ ਤੋਂ ਬਿਹਤਰ ਰਹੀ ਹੈ। ਇਹ ਟੀਮ ਆਪਣੀ ਹਮਲਾਵਰ ਖੇਡ ਲਈ ਜਾਣੀ ਜਾਂਦੀ ਹੈ। ਹਾਲਾਂਕਿ, ਭਾਰਤ ਵੀ ਬੈਲਜ਼ੀਅਮ ਨੂੰ ਟੱਕਰ ਦੇਣ ਲਈ ਪੂਰੀ ਤਿਆਰੀ ਨਾਲ ਮੈਦਾਨ 'ਚ ਉੱਤਰੇਗਾ। ਉੱਧਰ, ਪੂਲ ਸੀ 'ਚ ਭਾਰਤ ਪਹਿਲੇ ਸਥਾਨ 'ਤੇ ਹੈ ਜਦਕਿ ਬੈਲਜ਼ੀਅਮ ਨੂੰ ਦੂਜਾ ਸਥਾਨ ਹਾਸਲ ਹੈ। ਐਤਵਾਰ ਹੋਣ ਵਾਲੇ ਮੈਚ ਤੋਂ ਬਾਅਦ ਦੋਵਾਂ ਟੀਮਾਂ ਦੀ ਸੈਮੀਫਾਇਨਲ 'ਚ ਜਾਣ ਦੀਆਂ ਸੰਭਾਵਨਾਵਾਂ ਸਪਸ਼ਟ ਹੋ ਜਾਣਗੀਆਂ।
ਭਾਰਤ ਨੇ ਪਿਛਲੇ ਮੈਚ ਵਿੱਚ ਇਕਤਰਫ਼ਾ ਖੇਡ ਖੇਡੀ ਸੀ। ਮੇਜ਼ਬਾਨ ਟੀਮ ਦਾ ਹਮਲਾਵਰ ਰੁਖ ਅਸਰਦਾਰ ਸਾਬਿਤ ਹੋਇਆ ਸੀ। ਇਸ ਲਈ ਪੰਜ ਗੋਲ ਕਰਨ 'ਚ ਟੀਮ ਸਫ਼ਲ ਰਹੀ ਸੀ। ਬੈਲਜ਼ੀਅਮ ਖ਼ਿਲਾਫ ਕੋਚ ਹਰੇਂਦਰ ਸਿੰਘ ਦੀ ਟੀਮ ਨੂੰ ਸਤਰਕ ਰਹਿਣ ਦੀ ਲੋੜ ਹੋਵੇਗੀ ਤੇ ਨਾਲ ਹੀ ਮਿਡਫੀਲਡ ਨੂੰ ਵੀ ਆਪਣੀ ਅਹਿਮੀਅਤ ਸਮਝਣੀ ਹੋਵੇਗੀ। ਬੈਲਜ਼ੀਅਮ ਦੇ ਖਿਡਾਰੀਆਂ ਲਈ ਭਾਰਤ ਦੇ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਸਭ ਤੋਂ ਵੱਡਾ ਖ਼ਤਰਾ ਸਾਬਿਤ ਹੋ ਸਕਦੇ ਹਨ। ਸ਼੍ਰੀਜੇਸ਼ ਨੂੰ ਦੁਨੀਆਂ ਦਾ ਸਰਵੋਤਮ ਗੋਲਕੀਪਰ ਮੰਨਿਆ ਜਾਂਦਾ ਹੈ।