ਚੰਡੀਗੜ੍ਹ: ਭਾਰਤੀ ਟੀਮ ਨੇ ਪੂਨੇ ਟੈਸਟ 'ਚ ਦੱਖਣੀ ਅਫਰੀਕਾ ਖਿਲਾਫ ਵੱਡੀ ਜਿੱਤ ਦਰਜ ਕੀਤੀ ਹੈ। ਭਾਰਤ ਨੇ ਮਹਿਮਾਨ ਨੂੰ ਪਾਰੀ ਤੇ 137 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ ਵਿੱਚ 2-0 ਨਾਲ ਜੇਤੂ ਲੀਡ ਬਣਾ ਲਈ। ਪਾਰੀ ਦੇ ਲਿਹਾਜ਼ ਨਾਲ ਦੱਖਣੀ ਅਫਰੀਕਾ ਖਿਲਾਫ ਟੀਮ ਇੰਡੀਆ ਦੀ ਸਭ ਤੋਂ ਵੱਡੀ ਜਿੱਤ ਹੈ।


ਭਾਰਤ ਨੇ ਦੱਖਣੀ ਅਫਰੀਕਾ ਨੂੰ ਪਿਛਲੀ ਵਾਰ 2010 ਚ ਪਾਰੀ ਤੇ 57 ਦੌੜਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਟੀਮ ਇੰਡੀਆ ਦੀ ਘਰੇਲੂ ਮੈਦਾਨ ਤੇ ਲਗਾਤਾਰ 11ਵੀਂ ਸੀਰੀਜ਼ ਜਿੱਤ ਹੈ। ਪਹਿਲੀ ਪਾਰੀ ਵਿੱਚ ਦੋਹਰਾ ਸੈਂਕੜਾ ਬਣਾਉਣ ਵਾਲੇ ਕਪਤਾਨ ਕੋਹਲੀ ਮੈਨ ਆਫ ਦ ਮੈਚ ਚੁਣੇ ਗਏ। ਮੈਚ ਭਾਰਤ ਨੇ ਪਹਿਲੀ ਪਾਰੀ 601 ਦੌੜਾਂ ਤੇ ਐਲਾਨ ਦਿੱਤੀ ਸੀ।


ਮਹਿਮਾਨ ਟੀਮ 275 ਦੌੜਾਂ ਤੇ ਸਿਮਟ ਗਈ। ਭਾਰਤ ਨੂੰ 326 ਦੌੜਾਂ ਦੀ ਲੀਡ ਮਿਲੀ। ਭਾਰਤ ਨੇ ਅਫਰੀਕੀ ਟੀਮ ਨੂੰ ਫਾਲੋਔਨ ਤੇ ਖਿਡਾਇਆ। ਪਰ ਅਫਰੀਕੀ ਟੀਮ ਮੈਚ ਦੇ ਚੌਥੇ ਦਿਨ ਹੀ ਢੇਰ ਹੋ ਗਈ। ਮਹਿਮਾਨ ਟੀਮ ਦੂਜੀ ਪਾਰੀ ਚ ਮਹਿਜ਼ 189 ਦੌੜਾਂ ਹੀ ਬਣਾ ਸਕੀ। ਪਹਿਲਾ ਟੈਸਟ ਮੈਚ ਭਾਰਤ ਨੇ 203 ਦੌੜਾਂ ਨਾਲ ਜਿੱਤਿਆ ਸੀ।




ਇਸ ਜਿੱਤ ਨਾਲ ਟੀਮ ਇੰਡੀਆ ਨੇ ਟੈਸਟ ਚੈਂਪੀਅਨਸ਼ਿਪ ਦੀ ਰੈਂਕਿੰਗ 'ਚ ਨੰਬਰ ਇੱਕ 'ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਟੀਮ ਇੰਡੀਆ ਟੈਸਟ ਚੈਂਪੀਅਨਸ਼ਿਪ 'ਚ ਹੁਣ ਤੱਕ ਆਪਣੇ ਸਾਰੇ ਮੈਚ ਜਿੱਤਣ ਵਾਲੀ ਇਕਲੌਤੀ ਟੀਮ ਹੈ। ਭਾਰਤੀ ਟੀਮ 200 ਅੰਕਾਂ ਨਾਲ ਸੂਚੀ 'ਚ ਪਹਿਲੇ ਸਥਾਨ 'ਤੇ ਕਾਬਜ਼ ਹੈ।