ਕੇਪਟਾਊਨ: ਭਾਰਤ ਨੇ ਨਿਊ ਲੈਂਡਜ਼ ਵਿੱਚ ਦੱਖਣੀ ਅਫਰੀਕਾ ਵਿਰੁੱਧ ਚੰਗੇ ਸਕੋਰ ਵੱਲ ਵਧ ਰਿਹਾ ਹੈ। ਇਸ ਸਮੇਂ ਭਾਰਤ ਨੇ 45ਵੇਂ ਓਵਰ ਵਿੱਚ ਛੇ ਵਿਕਟਾਂ ਦੇ ਨੁਕਸਾਨ 'ਤੇ 252 ਦੌੜਾਂ ਬਣਾ ਲਈਆਂ ਹਨ। ਤਾਜ਼ਾ ਵਿਕਟ ਕੇਦਾਰ ਜਾਧਵ ਦਾ ਡਿੱਗਾ, ਜੋ ਸਿਰਫ 1 ਰਨ ਹੀ ਬਣਾ ਸਕੇ। ਪਰ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਸਦਕਾ ਭਾਰਤ ਮਜ਼ਬੂਤ ਸਥਿਤੀ ਵਿੱਚ ਹੈ।


ਤੀਜੇ ਮੈਚ ਵਿੱਚ ਮੇਜ਼ਬਾਨ ਟੀਮ ਨੇ ਭਾਰਤ ਵਾਲੀ ਰਣਨੀਤੀ ਅਪਣਾਈ ਸੀ। ਪਹਿਲੇ ਦੋ ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਕਰ ਚੁੱਕੀ ਦੱਖਣੀ ਅਫਰੀਕਾ ਦੀ ਟੀਮ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਮੇਜ਼ਬਾਨ ਟੀਮ ਦੀ ਇਹ ਤਰਕੀਬ ਕੁਝ ਖਾਸ ਕਾਰਗਰ ਸਾਬਤ ਨਹੀਂ ਹੋਈ। ਹਾਲਾਂਕਿ, ਭਾਰਤ ਦੀ ਪਹਿਲੀ ਵਿਕਟ ਛੇਤੀ ਹੀ ਡਿੱਗ ਗਈ ਸੀ ਪਰ ਬਾਅਦ ਵਿੱਚ ਸ਼ਿਖਰ ਧਵਨ ਤੇ ਵਿਰਾਟ ਕੋਹਲੀ ਨੇ ਚੰਗੀ ਸਾਂਝੇਦਾਰੀ ਨਿਭਾਈ। ਧਵਨ ਨੇ 63 ਗੇਂਦਾਂ ਵਿੱਚ ਸ਼ਾਨਦਾਰ 76 ਦੌੜਾਂ ਬਣਾਈਆਂ।

ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਬਿਨਾ ਖਾਤਾ ਖੋਲ੍ਹੇ ਰਬਾਡਾ ਦੀ ਗੇਂਦ ਦਾ ਸ਼ਿਕਾਰ ਹੋ ਗਏ। ਇਸ ਸਮੇਂ ਕਪਤਾਨ ਵਿਰਾਟ ਕੋਹਲੀ (128) ਤੇ ਭੁਵਨੇਸ਼ਵਰ ਕੁਮਾਰ (1) ਕ੍ਰੀਜ਼ 'ਤੇ ਡਟੇ ਹੋਏ ਹਨ। ਟੈਸਟ ਲੜੀ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ ਇੱਕ ਦਿਨਾ ਸੀਰੀਜ਼ ਵਿੱਚ ਧਮਾਕੇਦਾਰ ਵਾਪਸੀ ਕੀਤੀ ਹੈ। 6 ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋਹਾਂ ਮੁਕਾਬਲਿਆਂ ਨੂੰ ਜਿੱਤ ਕੇ ਭਾਰਤੀ ਟੀਮ ਨੇ ਸੀਰੀਜ਼ ਵਿੱਚ ਆਪਣਾ ਦਬਦਬਾ ਕਾਇਮ ਕਰ ਲਿਆ ਹੈ।