ਚੰਡੀਗੜ੍ਹ: ਸਮ੍ਰਿਤੀ ਮੰਧਾਨਾ (86) ਦੀ ਸ਼ਾਨਦਾਰ ਪਾਰੀ ਦੇ ਬਾਵਜੂਦ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੀ-20 ਮੁਕਾਬਲੇ ਵਿੱਚ ਸਿਰਫ ਦੋ ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਟੀਮ ਵੱਲੋਂ ਦਿੱਤੇ 162 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 20 ਓਵਰਾਂ ਵਿੱਚ ਚਾਰ ਵਿਕਟਾਂ ਪਿੱਛੇ 159 ਦੌੜਾਂ ਹੀ ਬਣਾ ਸਕੀ।
ਮੰਧਾਨਾ ਦੇ ਇਲਾਵਾ ਭਾਰਤ ਲਈ ਜੇਮਿਮਾ ਰੋਡ੍ਰਿਗਵੇਡ ਨੇ 21, ਮਿਤਾਲੀ ਰਾਜ ਨੇ ਨਾਬਾਦ 24 ਤੇ ਦੀਪਤੀ ਸ਼ਰਮਾ ਨੇ ਨਾਬਾਦ 21 ਦੌੜਾਂ ਬਣਾਈਆਂ। ਭਾਰਤ ਨੂੰ ਅੰਤਿਮ ਗੇਂਦ ’ਤੇ ਜਿੱਤ ਲਈ ਚਾਰ ਦੌੜਾਂ ਦੀ ਦਰਕਾਰ ਸੀ ਪਰ ਸਟ੍ਰਾਈਕਰ ਮਿਤਾਲੀ ਇੱਕ ਰਨ ਹੀ ਲੈ ਸਕੀ।
ਗੇਂਦਬਾਜ਼ੀ ਕਰਦਿਆਂ ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਦੋ ਵਿਕਟਾਂ ਲਈਆਂ ਜਦਕਿ ਅਰੁੰਧਤੀ ਰੈਡੀ, ਰਾਧਾ ਯਾਦਵ, ਮਾਨਸੀ ਜੋਸ਼ੀ ਤੇ ਪੂਨਮ ਯਾਦਵ ਨੇ ਇੱਕ-ਇੱਕ ਵਿਕਟ ਝਟਕਾਈ। ਨਿਊਜ਼ੀਲੈਂਡ ਵੱਲੋਂ ਸੋਫੀ ਡਿਵਾਈਨ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਮੇਜ਼ਬਾਨ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ 3-0 ਨਾਲ ਆਪਣੇ ਨਾਂ ਕਰ ਲਈ।