ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਭਾਰਤ ਦੀ ਹਾਲਤ ਪਤਲੀ ਹੋ ਗਈ ਹੈ। ਆਖ਼ਰੀ ਦਿਨ ਦੀ ਖੇਡ ਸ਼ੁਰੂ ਹੁੰਦਿਆਂ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਮੇਤ 6 ਖਿਡਾਰੀ ਸਸਤੇ 'ਚ ਪੈਵੇਲੀਅਨ ਪਰਤ ਗਏ। ਦੱਖਣੀ ਅਫਰੀਕਾ ਨੇ ਭਾਰਤ ਨੂੰ ਜਿੱਤ ਲਈ 287 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਸਮੇਂ ਭਾਰਤੀ ਟੀਮ ਨੇ 6 ਵਿਕਟ ਦੇ ਨੁਕਸਾਨ ‘ਤੇ 83 ਦੌੜਾਂ ਬਣਾ ਲਈਆਂ ਹਨ। ਭਾਰਤ ਅੱਗੇ ਹਾਲੇ 287 ਦੌੜਾਂ ਦਾ ਵੱਡਾ ਟੀਚਾ ਹੈ।
ਭਾਰਤ ਦੇ ਸਲਾਮੀ ਬੱਲੇਬਾਜ਼ਾਂ ਤੇ ਟੀਮ ਦੇ ਕਪਤਾਨ ਵਿੱਚੋਂ ਕੋਈ ਵੀ ਦੂਹਰਾ ਅੰਕੜਾ ਪਾਰ ਨਹੀਂ ਕਰ ਸਕਿਆ। ਮੁਰਲੀ ਵਿਜੇ, ਵਿਰਾਟ ਕੋਹਲੀ ਤੇ ਲੋਕੇਸ਼ ਰਾਹੁਲ ਕ੍ਰਮਵਾਰ 9, 5 ਤੇ 4 ਦੌੜਾਂ ਹੀ ਬਣਾ ਸਕੇ। ਚੇਤੇਸ਼ਵਰ ਪੁਜਾਰਾ ਵੀ ਤੇ ਪਾਰਥਿਵ ਪਟੇਲ 19 ਦੌੜਾਂ ਹੀ ਬਣਾ ਸਕੇ। ਕ੍ਰੀਜ਼ 'ਤੇ ਰੋਹਿਤ ਸ਼ਰਮਾ 19 ਦੌੜਾਂ ਤੇ ਅਸ਼ਵਿਨ ਬਗ਼ੈਰ ਖਾਤਾ ਖੋਲ੍ਹੇ ਹੀ ਖੇਡ ਰਹੇ ਹਨ। ਜੇਕਰ ਭਾਰਤੀ ਟੀਮ ਅੱਜ ਆਲ ਆਊਟ ਹੋ ਜਾਂਦੀ ਹੈ ਤਾਂ ਇਸ ਮੈਚ ਦੇ ਨਾਲ-ਨਾਲ ਟੈਸਟ ਲੜੀ ਵੀ ਹੱਥੋਂ ਖਿਸਕ ਜਾਵੇਗੀ। ਜੇਕਰ ਪੂਰੀ ਟੀਮ ਨਹੀਂ ਆਊਟ ਹੁੰਦੀ ਤਾਂ ਮੈਚ ਬੇਨਤੀਜਾ ਰਹੇਗਾ ਯਾਨੀ ਡਰਾਅ ਹੋ ਜਾਵੇਗਾ। ਆਪਣੇ ਦੇਸ਼ ਵਿੱਚ ਕਾਮਯਾਬੀ ਦੇ ਝੰਡੇ ਗੱਡਣ ਵਾਲੀ ਭਾਰਤੀ ਟੀਮ ਲਈ ਵਿਦੇਸ਼ੀ ਪਿੱਚ ਕਾਫੀ ਚੁਨੌਤੀਆਂ ਭਰਪੂਰ ਹਨ।
ਦੂਜੀ ਪਾਰੀ ‘ਚ ਭਾਰਤ ਨੇ ਮੇਜ਼ਬਾਨ ਟੀਮ ਨੂੰ 258 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਪਹਿਲੀ ਪਾਰੀ ਦੀ 28 ਦੌੜਾਂ ਮਿਲਾ ਕੇ ਅਫਰੀਕੀ ਟੀਮ ਨੇ ਕੁੱਲ 286 ਦੌੜਾਂ ਦੀ ਲੀਡ ਕਾਇਮ ਕਰ ਲਈ ਸੀ। ਮੇਜ਼ਬਾਨ ਟੀਮ ਦੇ ਖ਼ਤਰਨਾਕ ਬੱਲੇਬਾਜ਼ ਮੰਨੇ ਜਾਂਦੇ ਏ.ਬੀ. ਡਿਵੀਲੀਅਰਜ਼ ਨੇ ਸਭ ਤੋਂ ਵੱਧ 80 ਦੌੜਾਂ ਬਣਾਈਆਂ। ਦੂਜੀ ਪਾਰੀ ਵਿੱਚ ਮੁਹੰਮਦ ਸ਼ਮੀ ਨੇ ਅਫਰੀਕੀ ਟੀਮ ਦੇ ਚਾਰ ਖਿਡਾਰੀਆਂ ਨੂੰ ਪੈਵੇਲੀਅਨ ਤੋਰਿਆ ਜਦਕਿ ਜਸਪ੍ਰੀਤ ਬੁਮਰਾਹ ਨੇ ਤਿੰਨ ਤੇ ਈਸ਼ਾਂਤ ਸ਼ਰਮਾ ਨੇ ਦੋ ਵਿਕਟਾਂ ਝਟਕਾਈਆਂ ਸਨ।