ਗੋਲਡ ਕੋਸਟ: ਇੱਕੀਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਨਿਸ਼ਾਨੇਬਾਜ਼ਾਂ ਨੇ ਇੱਕ ਵਾਰ ਫਿਰ ਕਮਾਲ ਕਰ ਦਿੱਤਾ ਹੈ। ਭਾਰਤ ਦੇ ਅਨੀਸ਼ ਤੇ ਤੇਜਸਵਿਨੀ ਸਾਵੰਤ ਨੇ ਸੋਨ ਤਗ਼ਮਾ ਤੇ ਅੰਜੁਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ।

 

15 ਸਾਲ ਦੇ ਨਿਸ਼ਾਨੇਬਾਜ਼ ਅਨੀਸ਼ ਨੇ ਫ਼ਾਈਨਲ ਵਿੱਚ ਕੁੱਲ 30 ਅੰਕ ਹਾਸਲ ਕਰਦਿਆਂ ਸੋਨ ਤਗ਼ਮਾ ਜਿੱਤਿਆ। ਇਸ ਕਾਰਨਾਮੇ ਤੋਂ ਬਾਅਦ ਉਹ ਇਨ੍ਹਾਂ ਕਾਮਨਵੈਲਥ ਗੇਮਜ਼ ਦੇ ਸੋਨ ਤਗ਼ਮਾ ਜਿੱਤਣ ਵਾਲੇ ਸਭ ਤੋਂ ਛੋਟੀ ਉਮਰ ਦੇ ਨਿਸ਼ਾਨੇਬਾਜ਼ ਬਣ ਗਏ ਹਨ। ਇੰਨਾ ਹੀ ਨਹੀਂ ਇਸ ਅਨੀਸ਼ ਨੇ ਆਸਟ੍ਰੇਲੀਆਂ ਦੇ ਡੇਵਿਡ ਚਾਪਮਾਨ ਵੱਲੋਂ ਬਣਾਇਆ ਰਿਕਾਰਡ ਵੀ ਤੋੜ ਦਿੱਤਾ।

ਭਾਰਤੀ ਮਹਿਲਾ ਨਿਸ਼ਾਨੇਬਾਜ਼ ਤੇਜਸਵਿਨੀ ਸਾਵੰਤ ਦੇਸ਼ ਦੀ ਝੋਲੀ 15ਵਾਂ ਸੋਨ ਤਗ਼ਮਾ ਪਾਇਆ। ਤੇਜਸਵਿਨੀ ਨੇ ਮਹਿਲਾਵਾਂ ਦੇ 50 ਮੀਟਰ ਰਾਈਫ਼ਲ ਪੋਜ਼ੀਸ਼ਨ-3 ਦੇ ਫ਼ਾਈਨਲ ਵਿੱਚ ਕੁੱਲ 457.9 ਅੰਕ ਹਾਸਲ ਕਰਦਿਆਂ ਪਹਿਲਾ ਨੰਬਰ ਹਾਸਲ ਕੀਤਾ।

ਇਸੇ ਮੁਕਾਬਲੇ ਵਿੱਚ ਭਾਰਤ ਦੀ ਇੱਕ ਹੋਰ ਧੀ ਅੰਜੁਮ ਮੋਦਗਿਲ ਨੇ ਦੂਜਾ ਸਥਾਨ ਹਾਸਲ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ। ਅੰਜੁਮ ਨੇ ਆਪਣੇ ਨਿਸ਼ਾਨਿਆਂ ਨਾਲ ਕੁੱਲ 455.7 ਅੰਕ ਜੋੜੇ ਤੇ ਦੂਜਾ ਸਥਾਨ ਮੱਲ ਲਿਆ।