Indian Women vs South Africa Women: ਭਾਰਤੀ ਮਹਿਲਾ ਟੀਮ ਦੀ ਓਪਨਰ ਸਮ੍ਰਿਤੀ ਮੰਧਾਨਾ ਦਾ ਕਹਿਣਾ ਹੈ ਕਿ ਦੱਖਣੀ ਅਫ਼ਰੀਕਾ ਦੀ ਗੇਂਦਬਾਜ਼ ਮਰਿਜਾਨੇ ਕਾਪ ਅਤੇ ਸ਼ਬਿਨਮ ਇਸਮਾਈਲ ਵਿਰੁੱਧ ਖੇਡਣਾ ਥੋੜ੍ਹਾ ਚੁਣੌਤੀਪੂਰਨ ਹੁੰਦਾ ਹੈ। ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪੰਜ ਮੈਚਾਂ ਦੀ ਇੱਕ ਦਿਨਾ ਸੀਰੀਜ਼ ਖੇਡੀ ਜਾ ਰਹੀ ਹੈ ਤੇ ਇਹ ਸੀਰੀਜ਼ ਫ਼ਿਲਹਾਲ 1-1 ਦੀ ਬਰਾਬਰੀ ’ਤੇ ਹੈ। ਸ਼ੁੱਕਰਵਾਰ ਨੂੰ ਹੋਣ ਵਾਲੇ ਤੀਜੇ ਵਨ–ਡੇਅ ਤੋਂ ਪਹਿਲਾਂ ਮੰਧਾਨਾ ਨੇ ਕਿਹਾ- ਇਹ ਦੋਵੇਂ ਗੇਂਦਬਾਜ਼ ਦੁਨੀਆਂ ਦੀਆਂ ਚੋਟੀ ਦੀਆਂ ਤੇਜ਼ ਗੇਂਦਬਾਜ਼ ਹਨ। ਉਨ੍ਹਾਂ ਦੋਵਾਂ ਦੇ ਖੇਡਣ ਦੇ ਤਰੀਕੇ ਬਿਲਕੁਲ ਵੱਖੋ-ਵੱਖਰੇ ਹਨ। ਇੱਕ ਗੇਂਦਬਾਜ਼ ਬਾਊਂਸ ਸੁੱਟਣਾ ਪਸੰਦ ਕਰਦੀ ਹੈ, ਜਦ ਕਿ ਦੂਜੀ ਤੇਜ਼ੀ ਨਾਲ ਅੱਗੇ ਵਧਦੀ ਹੈ। ਇਨ੍ਹਾਂ ਦੋਵੇਂ ਗੇਂਦਬਾਜ਼ਾਂ ਸਾਹਮਣੇ ਬੱਲੇਬਾਜ਼ ਨੂੰ ਗੀਅਰ ਬਦਲਣਾ ਚੁਣੌਤੀਆਂ ਭਰਿਆ ਹੁੰਦਾ ਹੈ।


ਮੰਧਾਨਾ ਨੇ ਅੱਗੇ ਕਿਹਾ ਕਿ ਇੱਕ ਬੱਲੇਬਾਜ਼ ਵਜੋਂ ਮੈਂ ਸਿਰਫ਼ ਗੇਂਦ ਵੇਖਦੀ ਹਾਂ ਤੇ ਇਹ ਨਹੀਂ ਸੋਚਦੀ ਕਿ ਉਹ ਕਿਵੇਂ ਗੇਂਦਬਾਜ਼ੀ ਕਰਨਗੇ। ਮੈਂ ਪਿਛਲੇ ਪੰਜ-ਛੇ ਸਾਲਾਂ ਤੋਂ ਇਨ੍ਹਾਂ ਦਾ ਸਾਹਮਣਾ ਕਰ ਰਹੀ ਹਾਂ। ਮੈਨੂੰ ਇਨ੍ਹਾਂ ਦੀ ਮਜ਼ਬੂਤੀ ਪਤਾ ਹੈ। ਮੇਰੇ ਲਈ ਸਿਰਫ਼ ਗੇਂਦ ਨੂੰ ਵੇਖ ਕੇ ਗੇਂਦ ਦੇ ਹਿਸਾਬ ਨਾਲ ਬੱਲੇਬਾਜ਼ੀ ਕਰਨਾ ਹੀ ਮੇਰੇ ਉਨ੍ਹਾਂ ਵਿਰੁੱਧ ਰਣਨੀਤੀ ਹੈ।


ਸਲਾਮੀ ਬੱਲੇਬਾਜ਼ ਨੇ ਕਿਹਾ, ਮੈਂ ਦਬਾਅ ਬਾਰੇ ਜ਼ਿਆਦਾ ਨਹੀਂ ਸੋਚਦੀ ਹਾਂ। ਮੇਰੇ ਲਈ ਬੱਲੇਬਾਜ਼ੀ ਇੱਕ ਪ੍ਰਤੀਕਿਰਿਆ ਹੈ। ਮੇਰੀ ਮਾਨਸਿਕ ਤਿਆਰੀ ਸਹੀ ਹੈ।


ਦੱਸ ਦੇਈਏ ਕਿ ਮੰਧਾਨਾ ਨੇ ਦੂਜੇ ਵਨ-ਡੇਅ ’ਚ 64 ਗੇਂਦਾਂ ਉੱਤੇ 80 ਦੌੜਾਂ ਬਣਾਈਆਂ ਸਨ ਤੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਮੰਧਾਨਾ ਦੀ ਵਨ-ਡੇਅ ’ਚ ਟੀਚੇ ਦਾ ਪਿੱਛਾ ਕਰਦਿਆਂ ਇਹ 10ਵਾਂ ਅਰਧ ਸੈਂਕੜਾ ਸੀ।