ਮੁੰਬਈ: ਭਾਰਤ ਵਿੱਚ ਕ੍ਰਿਕਿਟ ਦੇ ਤਿਉਹਾਰ ਮੰਨੀ ਜਾਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ 11ਵਾਂ ਸੀਜ਼ਨ 51 ਦਿਨਾਂ ਬਾਅਦ ਅਖ਼ੀਰਲੇ ਮੁਕਾਮ ’ਤੇ ਪੁੱਜ ਗਿਆ ਹੈ। ਇਸ ਸੀਜ਼ਨ ਦਾ ਅਖ਼ੀਰਲਾ ਮੁਕਾਬਲਾ ਅੱਜ ਮੁੰਬਈ ਦੇ ਬਾਨਖੇੜੇ ਸਟੇਡੀਅਮ ਵਿੱਚ ਦੋ ਵਾਰ ਜੇਤੂ ਰਹੀ ਟੀਮ ਚੇਨਈ ਸੁਪਰ ਕਿੰਗਜ਼ ਤੇ ਇੱਕ ਵਾਰ ਖ਼ਿਤਾਬ ਆਪਣੇ ਨਾਂ ਕਰਨ ਵਾਲੀ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਇਨ੍ਹਾਂ ਦੋਵਾਂ ਟੀਮਾਂ ਨੇ ਪੂਰੀ ਲੀਗ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ।

 

ਹੈਦਰਾਬਾਦ ਦੀ ਤਾਕਤ- ਰਾਸ਼ਿਦ ਖ਼ਾਨ

ਇਸ ਮੈਚ ਵਿੱਚ ਸਭ ਦੀਆਂ ਨਜ਼ਰਾਂ ਰਾਸ਼ਿਦ ਖ਼ਾਨ ’ਤੇ ਟਿਕੀਆਂ ਰਹਿਣਗੀਆਂ। ਚੇਨਈ ਦੇ ਰਸਤੇ ਵਿੱਚ ਉਹ ਰਾਹ ਦਾ ਰੋੜਾ ਸਾਬਿਤ ਹੋ ਸਕਦਾ ਹੈ। 16 ਮੈਚਾਂ ਵਿੱਚ ਹੁਣ ਤਕ ਉਸ ਨੇ 21 ਵਿਕਟ ਆਪਣੇ ਨਾਂ ਕੀਤੇ ਹਨ। ਪਹਿਲੇ ਕਵਾਲੀਫਾਇਰ ਵਿੱਚ ਉਸ ਨੇ ਚੇਨਈ ਖ਼ਿਲਾਫ਼ ਚਾਰ ਓਵਰਾਂ ਵਿੱਚ ਮਹਿਜ਼ 11 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸਨ।



ਇਸ ਦੇ ਨਾਲ ਹੀ ਹੈਦਰਾਬਾਦ ਦੀ ਸਫਲਤਾ ਉਸ ਦੀ ਗੇਂਦਬਾਜ਼ੀ ’ਤ ਨਿਰਭਰ ਕਰਦੀ ਹੈ ਹਾਲਾਂਕਿ ਇਸ ਟੀਮ ਦੇ ਬੱਲੇਬਾਜ਼ਾਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। ਬੱਲੇਬਾਜ਼ੀ ਵਿੱਚ ਹੈਦਰਾਬਾਦ ਦੀ ਜਿੱਤ ਦਾ ਭਵਿੱਖ ਕਪਤਾਨ ਕੇਨ ਵਿਲੀਅਮਸਮ ਦੇ ਸਿਰ ਟਿਕਿਆ ਹੈ। ਚੇਨਈ ਵੀ ਜਾਣਦੀ ਹੈ ਕਿ ਜੇ ਉਨ੍ਹਾਂ ਨੂੰ ਕੇਨ ਦੀ ਵਿਕਟ ਜਲਦੀ ਮਿਲ ਗਈ ਤਾਂ ਹੈਦਰਾਬਾਦ ਨੂੰ ਉਹ ਵੱਡੇ ਸੰਕਟ ਵਿੱਚ ਪਾ ਸਕਦੀ ਹੈ। ਇਸ ਦੇ ਨਾਲ ਹੀ  ਸ਼ਿਖਰ ਧਵਨ ਦਾ ਬੱਲਾ ਵੀ ਨੀਂਦ ਤੋਂ ਜਾਗ ਗਿਆ ਹੈ ਤੇ ਸੱਟ ਤੋਂ ਵਾਪਸ ਆਏ ਰਿਧੀਮਾਨ ਸਾਹਾ ਦੇ ਆਉਣ ਨਾਲ ਵੀ ਟੀਮ ਨੂੰ ਮਜ਼ਬੂਤੀ ਮਿਲੀ ਹੈ।

  ਚੇਨਈ ਦਾ ਥੰਮ੍ਹ- ਸੰਤੁਲਿਤ ਪ੍ਰਦਰਨ

 

ਚੇਨਈ ਦੀ ਤਾਕਤ ਉਸ ਦਾ ਸੰਤੁਲਿਤ ਪ੍ਰਦਰਸ਼ਨ ਹੈ। ਖੇਡ ਵਿੱਚ ਉਹ ਤਿੰਨਾਂ ਖੇਤਰਾਂ ਵਿੱਚ ਮਜ਼ਬੂਤ ਹੈ। ਬੱਲੇਬਾਜ਼ੀ ਵਿੱਚ ਵਾੱਟਸਨ ਤੇ ਰਾਇਡੂ ਨੇ ਉਸ ਨੂੰ ਮਜ਼ਬੂਤੀ ਦਿੱਤੀ ਹੈ। ਇਹ ਦੋਵੇਂ ਟੀਮ ਦੇ ਸਲਾਮੀ ਬੱਲੇਬਾਜ਼ ਹਨ ਪਰ ਪਿਛਲੇ ਮੈਚ ਵਿੱਚ ਧੋਨੀ ਨੇ ਪਲੇਸਿਸ ਨੂੰ ਵਾੱਟਸਨ ਨਾਲ ਬੱਲੇਬਾਜ਼ੀ ਲਈ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਿਆ ਤੇ ਉਹ ਸਫ਼ਲ ਵੀ ਰਹੇ। ਧੋਨੀ ਦੀ ਆਦਤ ਹੈ ਕਿ ਉਹ ਜ਼ਿਆਦਾਤਰ ਜੇਤੂ ਟੀਮ ਵਿੱਚ ਬਦਲਾਅ ਨਹੀਂ ਕਰਦੇ। ਅਜਿਹੇ ਵਿੱਚ ਫਾਫ ਤੇ ਵਾੱਟਸਨ ਨੂੰ ਪਾਰੀ ਦੀ ਸ਼ੁਰੂਆਤ ਕਰਦਿਆਂ ਵੇਖਿਆ ਜਾ ਸਕਦਾ ਹੈ।