ਨਵੀਂ ਦਿੱਲੀ: ਪਹਿਲੇ ਦੋਵੇਂ ਦਿਨ ਧਮਾਕੇਦਾਰ ਮੁਕਾਬਲਿਆਂ ਨਾਲ ਆਈ.ਪੀ.ਐਲ. ਸੀਜ਼ਨ 11 ਦੀ ਸ਼ੁਰੂਆਤ ਹੋ ਗਈ ਹੈ। ਆਈ.ਪੀ.ਐਲ. ਦੀਆਂ ਛੇ ਟੀਮਾਂ ਦੀ ਟੱਕਰ ਤੋਂ ਬਾਅਦ ਅੱਜ ਵਾਰੀ ਹੈ ਰਾਜਸਥਾਨ ਰੌਇਲਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਟੱਕਰ ਦੀ।

 

ਦੋਵੇਂ ਟੀਮਾਂ ਅੱਜ ਆਪਣੇ ਪੁਰਾਣੇ ਕਪਤਾਨਾਂ ਦੀ ਗ਼ੈਰ-ਹਾਜ਼ਰੀ ਵਿੱਚ ਇੱਕ-ਦੂਜੇ ਨਾਲ ਭਿੜਨਗੀਆਂ। ਰਾਜਸਥਾਨ ਆਪਣੇ ਪੁਰਾਣੇ ਕਪਤਾਨ ਸਟੀਵ ਸਮਿੱਥ ਤੇ ਹੈਦਰਾਬਾਦ ਡੇਵਿਡ ਵਾਰਨਰ ਦੇ ਬਗ਼ੈਰ ਲੀਗ ਵਿੱਚ ਉੱਤਰੀ ਹੈ। ਸਮਿੱਥ ਤੇ ਵਾਰਨਰ 'ਤੇ ਬਾਲ ਟੈਂਪਰਿੰਗ ਮਾਮਲੇ ਵਿੱਚ ਦੋਸ਼ੀ ਪਾਏ ਜਾਣ 'ਤੇ 1-1 ਸਾਲ ਦਾ ਬੈਨ ਲੱਗਿਆ ਹੋਇਆ ਹੈ। ਕੌਮਾਂਤਰੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਲਾਈ ਇਸ ਰੋਕ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਬਹਾਲ ਰੱਖਿਆ ਹੈ।

RR ਤੇ SRH ਅੱਜ ਆਈ.ਪੀ.ਐਲ. ਦੇ ਚੌਥੇ ਮੈਚ ਵਿੱਚ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿੱਚ ਰਾਤ ਅੱਠ ਵਜੇ ਆਹਮੋ-ਸਾਹਮਣੇ ਹੋਣਗੀਆਂ। ਰਾਜਸਥਾਨ ਦੀ ਟੀਮ ਦੋ ਸਾਲ ਦੇ ਬੈਨ ਤੋਂ ਬਾਅਦ ਇਸ ਲੀਗ ਵਿੱਚ ਵਾਪਸੀ ਕਰਨ ਲਈ ਬੇਕਰਾਰ ਹੈ, ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਆਪਣਾ ਦਮ ਦਿਖਾ ਦੇ ਆਪਣੇ ਕਪਤਾਨ ਦੀ ਕਮੀ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਹੋਵੇਗੀ।

ਸਮਿੱਥ ਦੀ ਗ਼ੈਰ ਮੌਜੂਦਗੀ ਵਿੱਚ ਰਾਜਸਥਾਨ ਰੌਇਲਜ਼ ਦੀ ਕਮਾਨ ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਸੰਭਾਲਣਗੇ। ਜਦਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਜ਼ ਦੇ ਹੱਥਾਂ ਵਿੱਚ ਹੈਦਰਾਬਾਦ ਦੀ ਕਮਾਨ ਹੈ।

ਬੱਲੇਬਾਜ਼ੀ ਵਿੱਚ ਹੈਦਰਾਬਾਦ ਨੂੰ ਸ਼ਿਖਰ ਧਵਨ ਤੇ ਐਲੇਕਸ ਹੇਲਸ ਨਾਲ ਧਮਾਕੇਦਾਰ ਸ਼ੁਰੂਆਤ ਦੀ ਆਸ ਰਹੇਗੀ। ਇਸ ਤੋਂ ਇਲਾਵਾ ਮਨੀਸ਼ ਪਾਂਡੇ ਤੇ ਯੁਸੂਫ਼ ਪਠਾਨ ਮੱਧਕ੍ਰਮ ਨੂੰ ਮਜ਼ਬੂਤ ਰੱਖਣਗੇ। ਉੱਥੇ ਸਵਿੰਗ ਦੇ ਬਾਦਸ਼ਾਹ ਭੁਵਨੇਸ਼ਵਰ ਕੁਮਾਰ ਤੇ ਸੰਦੀਪ ਸ਼ਰਮਾ, ਲੈਗ ਸਪਿੰਨਰ ਰਾਸ਼ਿਦ ਖ਼ਾਨ ਤੇ ਆਲਰਾਊਂਡਰ ਸ਼ਾਕਿਬ ਅਲ ਹਸਨ ਦੇ ਨਾਲ ਗੇਂਦਬਾਜ਼ੀ ਦਾ ਜ਼ਿੰਮਾ ਸੰਭਾਲਣਗੇ।

ਦੂਜੇ ਪਾਸੇ ਰਾਜਸਥਾਨ ਦੀ ਟੀਮ 12.5 ਕਰੋੜ ਰੁਪਏ ਦੀ ਮੋਟੀ ਰਕਮ ਵਿੱਚ ਖਰੀਦੇ ਗਏ ਆਲਰਾਊਂਡਰ ਬੇਨ ਸਟੋਕਸ 'ਤੇ ਨਿਰਭਰ ਕਰੇਗੀ। ਗੇਂਦਬਾਜ਼ੀ ਨੂੰ ਮਜ਼ਬੂਤ ਕਰਨ ਲਈ ਰਾਜਸਥਾਨ ਨੇ ਜੈਦੇਵ ਉਨਾਦਕਟ ਨੂੰ 11.5 ਕਰੋੜ ਰੁਪਏ ਅਦਾ ਕਰ ਆਪਣੇ ਨਾਲ ਜੋੜਿਆ ਹੈ। ਇਸ ਤੋਂ ਇਲਾਵਾ ਹਰਫਨਮੌਲਾ ਜੋਫਰਾ ਆਰਚਰ ਤੇ ਕਰਨਾਟਕ ਦੇ ਸਪਿੰਨਰ ਗੌਤਮ ਦੇ ਮੋਢਿਆਂ 'ਤੇ ਜ਼ਿੰਮੇਵਾਰੀ ਹੋਵੇਗੀ।