Mumbai Indians vs Delhi Capitals : ਆਈਪੀਐਲ ਦਾ 69ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਦਿੱਲੀ ਨੂੰ 5 ਵਿਕਟਾਂ ਨਾਲ ਹਰਾਇਆ। 160 ਦੌੜਾਂ ਦਾ ਪਿੱਛਾ ਕਰਦੇ ਹੋਏ ਮੁੰਬਈ ਨੇ 5 ਵਿਕਟਾਂ ਦੇ ਨੁਕਸਾਨ 'ਤੇ 19.1 ਓਵਰਾਂ 'ਚ ਇਹ ਟੀਚਾ ਹਾਸਲ ਕਰ ਲਿਆ। ਮੁੰਬਈ ਲਈ ਇਸ ਮੈਚ 'ਚ ਜਿੱਤ ਦਾ ਹੀਰੋ ਟਿਮ ਡੇਵਿਡ ਰਹੇ, ਜਿਸ ਨੇ ਸਿਰਫ 11 ਗੇਂਦਾਂ 'ਚ 34 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿੱਚ ਚਾਰ ਛੱਕੇ ਅਤੇ ਦੋ ਚੌਕੇ ਜੜੇ। ਉਸ ਤੋਂ ਇਲਾਵਾ ਈਸ਼ਾਨ ਕਿਸ਼ਨ ਨੇ 48 ਅਤੇ ਬ੍ਰੇਵਿਸ ਨੇ 37 ਦੌੜਾਂ ਦਾ ਯੋਗਦਾਨ ਪਾਇਆ। ਇਸ ਦੇ ਨਾਲ ਹੀ ਅੰਤ ਵਿੱਚ ਰਮਨਦੀਪ ਸਿੰਘ ਨੇ 6 ਗੇਂਦਾਂ ਵਿੱਚ 13 ਦੌੜਾਂ ਬਣਾ ਕੇ ਮੁੰਬਈ ਨੂੰ ਇਸ ਮੈਚ ਵਿੱਚ ਜਿੱਤ ਦਿਵਾਈ। ਇਸ ਮੈਚ 'ਚ ਹਾਰ ਤੋਂ ਬਾਅਦ ਦਿੱਲੀ ਦੀ ਟੀਮ ਪਲੇਅ ਆਫ ਦੀ ਦੌੜ 'ਚੋਂ ਬਾਹਰ ਹੋ ਗਈ ਹੈ ਜਦਕਿ ਬੈਂਗਲੁਰੂ ਨੇ ਪਲੇਆਫ 'ਚ ਜਗ੍ਹਾ ਬਣਾ ਲਈ ਹੈ।
ਮੁੰਬਈ ਨੇ ਹਾਸਿਲ ਕੀਤੀ ਜਿੱਤ
160 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਦੇ ਕਪਤਾਨ ਰੋਹਿਤ ਸ਼ਰਮਾ ਬੁਰੀ ਤਰ੍ਹਾਂ ਸੰਘਰਸ਼ ਕਰਦੇ ਨਜ਼ਰ ਆਏ ਸੀ। ਉਸ ਨੇ 13 ਗੇਂਦਾਂ 'ਤੇ 2 ਦੌੜਾਂ ਦੀ ਪਾਰੀ ਖੇਡੀ। ਉਸ ਨੂੰ ਐਨਰਿਕ ਨੌਰਟਜੇ ਨੇ ਆਪਣਾ ਸ਼ਿਕਾਰ ਬਣਾਇਆ। ਉਸ ਦੇ ਆਊਟ ਹੋਣ ਤੋਂ ਬਾਅਦ ਈਸ਼ਾਨ ਕਿਸ਼ਨ ਅਤੇ ਬ੍ਰੇਵਿਸ ਨੇ ਪਾਰੀ ਨੂੰ ਸੰਭਾਲਿਆ। ਇਸ ਦੌਰਾਨ ਦੋਵਾਂ ਨੇ 51 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਈਸ਼ਾਨ ਕਿਸ਼ਨ ਇਕ ਵਾਰ ਫਿਰ ਇਹ ਵੱਡੀ ਪਾਰੀ ਨਹੀਂ ਖੇਡ ਸਕੇ ਅਤੇ 48 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਬ੍ਰੇਵਿਸ ਵੀ ਜ਼ਿਆਦਾ ਦੇਰ ਤੱਕ ਪਿੱਚ 'ਤੇ ਟਿਕ ਨਹੀਂ ਸਕੇ ਅਤੇ 37 ਦੌੜਾਂ ਬਣਾ ਕੇ ਸ਼ਾਰਦੁਲ ਠਾਕੁਰ ਦਾ ਸ਼ਿਕਾਰ ਬਣ ਗਏ।
ਉਸ ਦੇ ਆਊਟ ਹੋਣ ਤੋਂ ਬਾਅਦ ਟਿਮ ਡੇਵਿਡ ਅਤੇ ਤਿਲਕ ਵਰਮਾ ਨੇ ਟੀਮ ਦਾ ਸਕੋਰ ਅੱਗੇ ਵਧਾਇਆ। ਦੋਵਾਂ ਨੇ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਟਿਮ ਡੇਵਿਡ ਕਾਫੀ ਹਮਲਾਵਰ ਨਜ਼ਰ ਆ ਰਹੇ ਸਨ। ਉਸ ਨੇ ਸਿਰਫ਼ 11 ਗੇਂਦਾਂ ਵਿੱਚ 34 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿੱਚ ਚਾਰ ਛੱਕੇ ਅਤੇ ਦੋ ਚੌਕੇ ਜੜੇ। ਉਸ ਨੂੰ ਸ਼ਾਰਦੁਲ ਠਾਕੁਰ ਨੇ ਆਪਣਾ ਸ਼ਿਕਾਰ ਬਣਾਇਆ ਸੀ। ਉਸ ਦੇ ਆਊਟ ਹੋਣ ਤੋਂ ਬਾਅਦ ਤਿਲਕ ਵਰਮਾ ਅਤੇ ਰਮਨਦੀਪ ਸਿੰਘ ਨੇ ਟੀਮ ਨੂੰ ਟੀਚੇ ਦੇ ਨੇੜੇ ਪਹੁੰਚਾਇਆ। ਹਾਲਾਂਕਿ ਇਸ ਦੌਰਾਨ ਤਿਲਕ ਵਰਮਾ 21 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦੇ ਆਊਟ ਹੋਣ ਤੋਂ ਬਾਅਦ ਰਮਨਦੀਪ ਨੇ ਟੀਮ ਨੂੰ ਕੋਈ ਹੋਰ ਝਟਕਾ ਨਹੀਂ ਲੱਗਣ ਦਿੱਤਾ ਅਤੇ 5 ਗੇਂਦਾਂ ਬਾਕੀ ਰਹਿੰਦਿਆਂ ਹੀ ਟੀਮ ਨੂੰ ਜਿੱਤ ਦਿਵਾਈ।
ਦਿੱਲੀ ਨੇ ਬਣਾਇਆ ਸਨਮਾਨਜਨਕ ਸਕੋਰ
ਵਾਨਖੇੜੇ ਸਟੇਡੀਅਮ ਵਿੱਚ ਆਈਪੀਐਲ 2022 ਦੇ 69ਵੇਂ ਮੈਚ ਵਿੱਚ ਰੋਵਮੈਨ ਪਾਵੇਲ (43) ਅਤੇ ਕਪਤਾਨ ਰਿਸ਼ਭ ਪੰਤ (39) ਦੀਆਂ 44 ਗੇਂਦਾਂ ਵਿੱਚ 75 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ 160 ਦੌੜਾਂ ਦਾ ਟੀਚਾ ਦਿੱਤਾ। ਦਿੱਲੀ ਨੇ 20 ਓਵਰਾਂ 'ਚ ਸੱਤ ਵਿਕਟਾਂ ਦੇ ਨੁਕਸਾਨ 'ਤੇ 159 ਦੌੜਾਂ ਬਣਾਈਆਂ। ਮੁੰਬਈ ਲਈ ਜਸਪ੍ਰੀਤ ਬੁਮਰਾਹ ਨੇ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਰਮਨਦੀਪ ਸਿੰਘ ਨੇ ਦੋ ਵਿਕਟਾਂ ਲਈਆਂ, ਜਦਕਿ ਡੇਨਿਅਨ ਸੈਮਸ ਅਤੇ ਮਯੰਕ ਨੇ ਇਕ-ਇਕ ਵਿਕਟ ਲਈ।