IPL 2022: ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਵਿਚਾਲੇ, ਨਿਊਜ਼ੀਲੈਂਡ ਦੇ ਮਹਾਨ ਖਿਡਾਰੀ ਰੌਸ ਟੇਲਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਰੌਸ ਟੇਲਰ ਨੇ ਸੋਮਵਾਰ ਨੂੰ ਨੀਦਰਲੈਂਡ ਦੇ ਖਿਲਾਫ ਤੀਜੇ ਵਨਡੇ ਵਿੱਚ ਨਿਊਜ਼ੀਲੈਂਡ ਲਈ ਆਪਣਾ ਆਖਰੀ ਮੈਚ ਖੇਡਿਆ, ਜਿਸ ਵਿੱਚ ਉਸਨੇ 14 ਦੌੜਾਂ ਬਣਾਈਆਂ ਅਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਇਸ ਮਹਾਨ ਖਿਡਾਰੀ ਦਾ ਸਵਾਗਤ ਕੀਤਾ।


ਨਿਊਜ਼ੀਲੈਂਡ ਲਈ ਟੇਲਰ ਦਾ ਇਹ 450ਵਾਂ ਅਤੇ ਆਖਰੀ ਮੈਚ ਸੀ, ਜਿਸ ਨਾਲ ਉਸ ਦੇ 16 ਸਾਲ ਦੇ ਅੰਤਰਰਾਸ਼ਟਰੀ ਕਰੀਅਰ ਦਾ ਅੰਤ ਵੀ ਹੋਇਆ। 38 ਸਾਲਾ ਬੱਲੇਬਾਜ਼ ਨੇ ਆਪਣਾ ਆਖਰੀ ਟੈਸਟ ਮੈਚ ਇਸ ਸਾਲ ਦੇ ਸ਼ੁਰੂ 'ਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ ਪਰ ਉਹ ਆਖਰੀ ਮੈਚ ਆਪਣੇ ਘਰੇਲੂ ਮੈਦਾਨ ਸੇਡਨ ਪਾਰਕ 'ਚ ਖੇਡ ਕੇ ਕ੍ਰਿਕਟ ਨੂੰ ਅਲਵਿਦਾ ਕਹਿਣਾ ਚਾਹੁੰਦਾ ਸੀ।


ਰਾਸ਼ਟਰੀ ਗੀਤ ਦੌਰਾਨ ਰੌਸ ਟੇਲਰ ਦੇ ਬੱਚੇ ਮੈਕੇਂਜੀ, ਜੌਂਟੀ ਅਤੇ ਐਡੀਲੇਡ ਉਸ ਦੇ ਨਾਲ ਖੜ੍ਹੇ ਸਨ। ਜਦੋਂ ਉਹ ਮੈਦਾਨ 'ਤੇ ਉਤਰੇ ਅਤੇ ਵਾਪਸ ਪਰਤੇ ਤਾਂ ਨੀਦਰਲੈਂਡ ਦੇ ਖਿਡਾਰੀਆਂ ਨੇ ਦੋਵੇਂ ਪਾਸੇ ਖੜ੍ਹੇ ਹੋ ਕੇ ਉਹਨਾਂ ਦਾ ਸਨਮਾਨ ਕੀਤਾ।






ਟੇਲਰ ਨੇ 2006 ਵਿੱਚ ਨਿਊਜ਼ੀਲੈਂਡ ਲਈ ਆਪਣਾ ਪਹਿਲਾ ਵਨਡੇ ਮੈਚ ਖੇਡਿਆ ਸੀ। ਇਸ ਤੋਂ ਬਾਅਦ ਅਗਲੇ ਸਾਲ ਉਹਨਾਂ ਨੇ ਆਪਣਾ ਪਹਿਲਾ ਟੈਸਟ ਖੇਡਿਆ। ਉਨ੍ਹਾਂ ਨੇ 112 ਟੈਸਟ ਮੈਚਾਂ 'ਚ 19 ਸੈਂਕੜਿਆਂ ਦੀ ਮਦਦ ਨਾਲ 7,683 ਦੌੜਾਂ ਬਣਾਈਆਂ। ਟੇਲਰ ਨੇ 236 ਇੱਕ ਰੋਜ਼ਾ ਮੈਚਾਂ ਵਿੱਚ 8,593 ਅਤੇ 102 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 1,909 ਦੌੜਾਂ ਬਣਾਈਆਂ ਹਨ।


ਟੇਲਰ ਦੁਨੀਆ ਦਾ ਇਕਲੌਤਾ ਖਿਡਾਰੀ ਹੈ ਜਿਸ ਨੇ ਤਿੰਨੋਂ ਫਾਰਮੈਟਾਂ ਵਿੱਚ 100 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹਨਾਂ ਨੂੰ ਆਪਣੇ ਆਖਰੀ ਮੈਚ 'ਚ ਕ੍ਰੀਜ਼ 'ਤੇ ਉਤਰਨ ਲਈ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ ਸੀ। ਮਾਰਟਿਨ ਗੁਪਟਿਲ ਅਤੇ ਵਿਲ ਯੰਗ ਦੀ ਦੂਜੀ ਵਿਕਟ ਲਈ 203 ਦੌੜਾਂ ਦੀ ਸਾਂਝੇਦਾਰੀ ਨੇ ਉਸ ਨੂੰ 39ਵੇਂ ਓਵਰ ਵਿੱਚ ਕ੍ਰੀਜ਼ ਤੱਕ ਪਹੁੰਚਾਇਆ।


ਜਿਵੇਂ ਹੀ ਉਹ ਮੈਦਾਨ 'ਤੇ ਆਏ ਤਾਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ। ਜਦੋਂ ਉਹ 14 ਦੌੜਾਂ 'ਤੇ ਆਊਟ ਹੋ ਕੇ ਪੈਵੇਲੀਅਨ ਪਰਤ ਰਹੇ ਸੀ ਤਾਂ ਉਹਨਾਂ ਦੇ ਚਿਹਰੇ 'ਤੇ ਹਲਕੀ ਜਿਹੀ ਮੁਸਕਾਨ ਸੀ। ਉਹ ਨੀਦਰਲੈਂਡ ਦੇ ਖਿਡਾਰੀਆਂ ਵਿੱਚੋਂ ਨਿਕਲ ਕੇ ਮੈਦਾਨ ਤੋਂ ਬਾਹਰ ਹੋ ਗਏ। ਇਸ ਦੌਰਾਨ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ।