Indian Premier League 2023 : ਆਈਪੀਐਲ ਦੇ 16ਵੇਂ ਸੀਜ਼ਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ ਇੱਕ ਹੋਰ ਵੱਡਾ ਝਟਕਾ ਲਿਟਨ ਦਾਸ ਦੇ ਰੂਪ ਵਿੱਚ ਲੱਗਾ ਹੈ, ਜੋ ਫੈਮਲੀ ਮੈਡੀਕਲ ਐਮਰਜੈਂਸੀ ਦੀ ਵਜ੍ਹਾ ਨਾਲ ਘਰ ਪਰਤਿਆ ਹੈ। ਹੁਣ ਆਈਪੀਐਲ ਦੇ ਇਸ ਸੀਜ਼ਨ ਦੇ ਬਾਕੀ ਮੈਚਾਂ ਵਿੱਚ ਵਿਕਟਕੀਪਰ ਬੱਲੇਬਾਜ਼ ਦੇ ਖੇਡਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ ਕਿਉਂਕਿ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੇ ਉਸ ਨੂੰ 4 ਮਈ ਤੱਕ ਹੀ ਐਨਓਸੀ ਜਾਰੀ ਕੀਤੀ ਸੀ।

 

28 ਸਾਲਾ ਲਿਟਨ ਦਾਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਇਸ ਸੀਜ਼ਨ ਲਈ 50 ਲੱਖ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਸਿਰਫ਼ 1 ਮੈਚ ਖੇਡਣ ਦਾ ਮੌਕਾ ਮਿਲਿਆ ਜੋ ਉਸ ਨੇ ਦਿੱਲੀ ਕੈਪੀਟਲਜ਼ (ਡੀ.ਸੀ.) ਖ਼ਿਲਾਫ਼ ਡੈਬਿਊ ਕਰਦਿਆਂ ਖੇਡਿਆ ਸੀ। ਇਸ ਮੈਚ ਵਿੱਚ ਲਿਟਨ ਦਾਸ ਨੇ 4 ਗੇਂਦਾਂ ਵਿੱਚ ਸਿਰਫ 4 ਦੌੜਾਂ ਬਣਾਈਆਂ ਸੀ।

 


ਹੁਣ ਲਿਟਨ ਦਾਸ ਨੂੰ ਬੰਗਲਾਦੇਸ਼ ਦੀ ਟੀਮ ਨਾਲ ਆਇਰਲੈਂਡ ਦੌਰੇ 'ਤੇ ਹੋਣ ਵਾਲੀ 3 ਮੈਚਾਂ ਦੀ ਵਨਡੇ ਸੀਰੀਜ਼ 'ਚ ਹਿੱਸਾ ਲੈਣ ਲਈ ਰਵਾਨਾ ਹੋਣਾ ਹੈ। ਕੇਕੇਆਰ ਵੱਲੋਂ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਲਿਟਨ ਦਾਸ ਨੂੰ ਅੱਜ ਸਵੇਰੇ ਪਰਿਵਾਰਕ ਐਮਰਜੈਂਸੀ ਕਾਰਨ ਬੰਗਲਾਦੇਸ਼ ਲਈ ਰਵਾਨਾ ਹੋਣਾ ਪਿਆ। ਇਸ ਔਖੀ ਘੜੀ ਵਿੱਚ ਅਸੀਂ ਉਸਦੇ ਪਰਿਵਾਰ ਦੇ ਨਾਲ ਹਾਂ।

 


ਕੇਕੇਆਰ ਨੇ ਇਸ ਸੀਜ਼ਨ 'ਚ ਹੁਣ ਤੱਕ ਚੰਗਾ ਪ੍ਰਦਰਸ਼ਨ ਨਹੀਂ ਕੀਤਾ 

ਇਸ ਸੀਜ਼ਨ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਇਹ ਉਮੀਦ ਮੁਤਾਬਕ ਮੈਦਾਨ 'ਤੇ ਨਜ਼ਰ ਨਹੀਂ ਆਇਆ। ਟੀਮ ਨੇ ਇਸ ਸੀਜ਼ਨ 'ਚ ਹੁਣ ਤੱਕ ਖੇਡੇ ਗਏ 8 ਮੈਚਾਂ 'ਚੋਂ ਸਿਰਫ 3 'ਚ ਜਿੱਤ ਦਰਜ ਕੀਤੀ ਹੈ ਅਤੇ 5 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੇਕੇਆਰ ਦੀ ਟੀਮ ਇਸ ਸਮੇਂ 6 ਅੰਕਾਂ ਨਾਲ ਅੰਕ ਸੂਚੀ ਵਿੱਚ 7ਵੇਂ ਸਥਾਨ 'ਤੇ ਹੈ। ਜੇਕਰ ਟੀਮ ਨੇ ਪਲੇਆਫ 'ਚ ਆਪਣੀ ਜਗ੍ਹਾ ਪੱਕੀ ਕਰਨੀ ਹੈ ਤਾਂ ਆਉਣ ਵਾਲੇ ਮੈਚਾਂ 'ਚ ਉਸ ਨੂੰ ਹੋਰ ਬਿਹਤਰ ਖੇਡ ਦਿਖਾਉਣੀ ਹੋਵੇਗੀ।