MI vs DC Final Match Highlights: ਮੁੰਬਈ ਇੰਡੀਅਨਜ਼ ਨੇ ਵੁਮੈਨਜ਼ ਪ੍ਰੀਮੀਅਰ ਲੀਗ ਦੇ ਫਾਈਨਲ 'ਚ ਦਿੱਲੀ ਕੈਪਿਟਲਸ ਨੂੰ 8 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਹੀ ਮੁੰਬਈ ਇੰਡੀਅਨਜ਼ ਦੂਜੀ ਵਾਰ WPL ਚੈਂਪੀਅਨ ਬਣ ਗਈ ਹੈ। ਇਹ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡਿਆ ਗਿਆ, ਜਿੱਥੇ ਮੁੰਬਈ ਨੇ ਪਹਿਲਾਂ ਖੇਡਦਿਆਂ 149 ਦੌੜਾਂ ਬਣਾਈਆਂ। ਜਵਾਬ ਵਿੱਚ ਦਿੱਲੀ ਕੈਪਿਟਲਸ ਨੇ ਆਖਰੀ ਤੱਕ ਸੰਘਰਸ਼ ਕੀਤਾ, ਪਰ 8 ਦੌੜਾਂ ਨਾਲ ਟੀਚਾ ਤੋਂ ਦੂਰ ਰਹਿ ਗਈ। ਮੈਚ ਆਖਰੀ ਓਵਰ ਤੱਕ ਗਿਆ, ਪਰ ਕਪਤਾਨ ਮੈਗ ਲੈਨਿੰਗ ਦਿੱਲੀ ਨੂੰ ਲਗਾਤਾਰ ਤੀਜੀ ਵਾਰ ਫਾਈਨਲ ਹਾਰਣ ਤੋਂ ਨਹੀਂ ਬਚਾ ਸਕੀ।
ਆਖਰੀ ਓਵਰ ਤੱਕ ਚੱਲਿਆ ਰੋਮਾਂਚਕ ਮੈਚ
WPL 2025 ਟੂਰਨਾਮੈਂਟ ਵਿਚ ਬ੍ਰੇਬੋਰਨ ਸਟੇਡੀਅਮ 'ਚ ਇੱਕ ਵਾਰ ਫਿਰ ਟੀਮ ਨੂੰ ਹਾਰ ਮਿਲੀ ਜੋ ਟਾਰਗਟ ਚੇਜ਼ ਕਰ ਰਹੀ ਸੀ। ਮੁੰਬਈ ਦੀ ਟੀਮ ਟਾਸ ਹਾਰਣ ਤੋਂ ਬਾਅਦ ਪਹਿਲਾਂ ਬੈਟਿੰਗ ਕਰਨ ਉਤਰੀ। ਖਰਾਬ ਸ਼ੁਰੂਆਤ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਅਤੇ ਨੈਟ ਸਾਇਵਰ-ਬਰੰਟ ਨੇ 89 ਦੌੜਾਂ ਦੀ ਸਾਂਝ ਨਾਲ MI ਨੂੰ ਮੁਸ਼ਕਲ 'ਚੋਂ ਕੱਢਿਆ। ਇੱਕ ਪਾਸੇ ਹਰਮਨਪ੍ਰੀਤ ਨੇ 66 ਦੌੜਾਂ ਦੀ ਕਪਤਾਨੀ ਪਾਰੀ ਖੇਡੀ, ਜਦਕਿ ਦੂਜੇ ਪਾਸੇ ਸਾਇਵਰ-ਬਰੰਟ ਨੇ 30 ਦੌੜਾਂ ਦੀ ਇਨਿੰਗ ਖੇਡੀ।
ਜਦ ਦਿੱਲੀ ਦੀ ਵਾਰੀ ਆਈ ਤਾਂ ਮੈਰੀਜਨ ਕੈਪ ਅਤੇ ਜੇਮੀਮਾ ਰੋਡਰੀਗਜ਼ ਤੋਂ ਇਲਾਵਾ ਹੋਰ ਕੋਈ ਵੀ ਵੱਡੀ ਪਾਰੀ ਨਹੀਂ ਖੇਡ ਸਕੀ। ਕੈਪ ਨੇ 40 ਦੌੜਾਂ ਅਤੇ ਰੋਡਰੀਗਜ਼ ਨੇ 30 ਦੌੜਾਂ ਦੀ ਇਨਿੰਗ ਖੇਡੀ। ਉਨ੍ਹਾਂ ਤੋਂ ਇਲਾਵਾ ਨਿੱਕੀ ਪ੍ਰਸਾਦ ਆਖਰੀ ਤੱਕ ਕ੍ਰੀਜ਼ 'ਤੇ ਡਟੀ ਰਹੀ। ਹਾਲਾਤ ਇਹ ਹੋ ਗਏ ਸਨ ਕਿ ਦਿੱਲੀ ਕੋਲ ਕੇਵਲ ਇੱਕ ਵਿਕਟ ਬਾਕੀ ਸੀ ਅਤੇ ਜਿੱਤ ਲਈ 14 ਦੌੜਾਂ ਦੀ ਲੋੜ ਸੀ। ਦਿੱਲੀ ਦੀ ਟੀਮ ਇਕ-ਇਕ ਦੌੜ ਲੈਂਦੀ ਰਹੀ, ਜਿਸ ਕਾਰਨ ਆਖਰੀ 1 ਗੇਂਦ 'ਤੇ 10 ਦੌੜਾਂ ਦੀ ਲੋੜ ਬਣ ਗਈ। ਆਖਰੀ ਗੇਂਦ 'ਤੇ ਕੇਵਲ 1 ਦੌੜ ਆਈ, ਜਿਸ ਨਾਲ ਮੁੰਬਈ ਨੇ ਇਹ ਮੁਕਾਬਲਾ 8 ਦੌੜਾਂ ਨਾਲ ਜਿੱਤ ਲਿਆ।
ਮੁੰਬਈ ਦੂਜੀ ਵਾਰ ਬਣੀ WPL ਚੈਂਪੀਅਨ
ਇਹ ਦੂਜੀ ਵਾਰ ਹੈ ਜਦੋਂ ਮੁੰਬਈ ਇੰਡੀਅਨਜ਼ ਨੇ WPL ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਮੁੰਬਈ ਵੁਮੈਨਜ਼ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਦੀ ਵੀ ਜੇਤੂ ਰਹੀ ਸੀ। ਉਸ ਮੈਚ ਵਿੱਚ ਮੁੰਬਈ ਨੇ ਦਿੱਲੀ ਨੂੰ 7 ਵਿਕਟਾਂ ਨਾਲ ਹਰਾਇਆ ਸੀ, ਜਦਕਿ ਇਸ ਵਾਰ ਦਿੱਲੀ ਨੂੰ 8 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਮੁੰਬਈ WPL ਦਾ ਖਿਤਾਬ ਦੋ ਵਾਰ ਜਿੱਤਣ ਵਾਲੀ ਇਕੱਲੀ ਟੀਮ ਬਣ ਗਈ ਹੈ। ਦਿੱਲੀ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਜੁੜ ਗਿਆ ਹੈ, ਕਿਉਂਕਿ ਉਹ ਲਗਾਤਾਰ ਇੱਕ ਨਹੀਂ, ਦੋ ਨਹੀਂ, ਸਿੱਧਾ 3 ਫਾਈਨਲ ਹਾਰ ਚੁੱਕੀ ਹੈ। 2023 ਵਿੱਚ ਉਸੇ ਨੂੰ ਮੁੰਬਈ ਨੇ, 2024 ਵਿੱਚ RCB ਨੇ ਅਤੇ ਹੁਣ ਫਿਰ ਮੁੰਬਈ ਇੰਡੀਅਨਜ਼ ਨੇ ਹਰਾਕੇ ਖਿਤਾਬ ਆਪਣੇ ਨਾਂ ਕੀਤਾ ਹੈ।