ਹਾਕੀ ਵਿਸ਼ਵ ਕੱਪ ਦੇ ਸੱਤਵੇਂ ਮੈਚ ਵਿੱਚ ਨੀਦਰਲੈਂਡ ਨੇ ਮਲੇਸ਼ੀਆ ਨੂੰ 7-0 ਨਾਲ ਮਾਤ ਦਿੱਤੀ ਹੈ। ਇਹ ਮੈਚ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਸ਼ਨੀਵਾਰ ਖੇਡਿਆ ਗਿਆ। ਜੇਰੋਏਨ ਹਰਟਜ਼ਬਰਗਰ ਦੀ ਹੈਟ੍ਰਿਕ ਦੇ ਦਮ 'ਤੇ ਸਾਬਕਾ ਵਿਜੇਤਾ ਟੀਮ ਨੀਦਰਲੈਂਡ ਨੇ ਸ਼ਨੀਵਾਰ ਖੇਡੇ ਗਏ ਹਾਕੀ ਵਿਸ਼ਵ ਕੱਪ ਦੇ ਗਰੁੱਪ ਡੀ ਦੇ ਪਹਿਲੇ ਮੈਚ ਵਿੱਚ ਸ਼ਾਨਦਾਰ ਆਗਾਜ਼ ਕੀਤਾ। ਮਲੇਸ਼ੀਆ ਨੇ ਸ਼ੁਰੂਆਤ ਚੰਗੀ ਕੀਤੀ ਸੀ ਪਰ ਪਹਿਲੇ ਕੁਆਰਟਰ ਦੇ ਸ਼ੁਰੂਆਤੀ ਸਮੇਂ ਤੋਂ ਇਲਾਵਾ ਉਹ ਆਪਣੀ ਚੰਗੀ ਖੇਡ ਨੂੰ ਜਾਰੀ ਨਹੀਂ ਰੱਖ ਸਕੇ। ਜਿਵੇਂ ਹੀ ਨੀਦਰਲੈਂਡ ਨੇ ਪਹਿਲਾ ਗੋਲ ਖਾਧਾ ਮਲੇਸ਼ੀਆ ਟੀਮ ਸਮੇਂ ਦੇ ਨਾਲ ਬੈਕਫੁੱਟ 'ਤੇ ਜਾਂਦੀ ਦਿਖਾਈ ਦਿੱਤੀ।
ਨੀਦਰਲੈਂਡ ਨੇ ਚੌਥੇ ਮਿੰਟ 'ਚ ਹੀ ਹਮਲਾ ਕੀਤਾ ਜੋ ਆਖਿਰਕਾਰ ਅਸਫ਼ਲ ਰਿਹਾ। ਇਸ ਹਮਲੇ ਨੇ ਸਾਫ਼ ਕਰ ਦਿੱਤਾ ਸੀ ਕਿ ਮਲੇਸ਼ੀਆ ਦੇ ਡਿਫੈਂਸ ਲਈ ਇਹ ਮੈਚ ਆਸਾਨ ਨਹੀਂ ਹੈ। ਇਸ ਤੋਂ ਬਾਅਦ 12ਵੇਂ ਮਿੰਟ 'ਚ ਜੇਰੋਏਨ ਨੇ ਗੋਲ ਕਰਕੇ ਨੀਦਰਲੈਂਡ ਨੂੰ ਇੱਕ ਗੋਲ ਦੀ ਬੜਤ ਦਿਵਾਈ। ਰੋਬਰਟ ਕੈਂਪਰਮੈਨ ਨੇ ਲਾਇਨ ਕੋਲੋਂ ਗੇਂਦ ਜੇਰੋਏਨ ਨੂੰ ਦਿੱਤੀ। ਉਨ੍ਹਾਂ ਮਲੇਸ਼ੀਆਈ ਗੋਲਕੀਪਰ ਨੂੰ ਮਾਤ ਦੇਕੇ ਗੇਂਦ ਨੈੱਟ 'ਚ ਪਾ ਦਿੱਤੀ। ਇਸ 'ਤੇ ਰੈਫਰੀ ਨੇ ਰੈਫਰਲ ਲਿਆ ਜੋ ਨੀਦਰਲੈਂਡ ਦੇ ਪੱਖ 'ਚ ਗਿਆ।
ਮਲੇਸ਼ੀਆ ਨੂੰ ਪਹਿਲੇ ਕੁਆਰਟਰ ਦੇ ਅੰਤ 'ਚ ਇੱਕ ਪੈਨਲਟੀ ਕਾਰਨਰ ਮਿਲਿਆ ਜਿਸ 'ਤੇ ਉਹ ਬਰਾਬਰੀ ਦਾ ਗੋਲ ਨਹੀਂ ਕਰ ਸਕੀ। ਦੂਜੇ ਕੁਆਰਟਰ 'ਚ ਮਲੇਸ਼ੀਆ ਬੈਕਫੁੱਟ 'ਤੇ ਸੀ। ਉਸਦਾ ਡਿਫੈਂਸ ਲਗਾਤਾਰ ਨੀਦਰਲੈਂਡ ਦੇ ਹਮਲੇ ਤੋਂ ਘਬਰਾ ਗਿਆ। ਨੀਦਰਲੈਂਡ ਲਈ ਇਹ ਕੁਆਰਟਰ ਕਾਫੀ ਮੌਕੇ ਲੈਕੇ ਆਇਆ। ਜਿਸ 'ਚ ਉਹ ਸਿਰਫ਼ ਇੱਕ ਵਾਰ ਹੀ ਗੋਲ ਕਰ ਸਕੀ। 21ਵੇਂ ਮਿੰਟ 'ਚ ਮਿਰਕੋ ਨੇ ਨੀਦਰਲੈਂਡ ਲਈ ਗੋਲ ਕੀਤਾ। ਮਿਕਰੋ ਲਈ ਮੌਕਾ ਇਹ ਥੀਏਰੀ ਬ੍ਰਿੰਕਮੈਨ ਤੇ ਜੇਰੋਏਨ ਨੇ ਬਣਾਇਆ ਸੀ ਜਿਸ 'ਤੇ ਮਿਕ੍ਰੋ ਨੇ ਆਪਣੀ ਹਾਕੀ ਦੇ ਇਸ਼ਾਰੇ ਨਾਲ ਗੇਂਦ ਨੈੱਟ 'ਚ ਪਾਕੇ ਸਕੋਰ 2-0 ਕਰ ਦਿੱਤਾ। ਦੂਜੇ ਕੁਆਰਟਰ 'ਚ ਸਕੋਰ ਨੀਦਰਲੈਂਡ ਦੇ ਪੱਖ 'ਚ ਹੋਰ ਬਿਹਤਰ ਹੋ ਸਕਦਾ ਸੀ। ਉਸਨੂੰ ਇਸ ਕੁਆਰਟਰ 'ਚ ਪੰਜ ਪੈਨਲਟੀ ਕੌਰਨਰ ਮਿਲੇ ਜੋ ਅਸਫ਼ਲ ਰਹੇ।
ਹਾਲਾਂਕਿ ਕੁਆਰਟਰ ਦਾ ਅੰਤ ਹੁੰਦਿਆਂ ਨੀਦਰਲੈਂਡ ਨੇ ਆਪਣਾ ਤੀਜਾ ਗੋਲ ਕਰ ਦਿੱਤਾ ਸੀ। 29ਵੇਂ ਮਿੰਟ 'ਚ ਉਸ ਲਈ ਇਹ ਗੋਲ ਜੇਰੋਏਨ ਨੇ ਕੀਤਾ। ਇਸ 'ਚ ਉਸਦੀ ਮਦਦ ਮਿਰਕੋ ਨੇ ਕੀਤੀ। ਤੀਜੇ ਕੁਆਰਟਰ 'ਚ ਨੀਦਰਲੈਂਡ ਦੀ ਟੀਮ ਪੈਨਲਟੀ ਕੌਰਨਰ ਨੂੰ ਗੋਲ 'ਚ ਤਬਦੀਲ ਕਰਨ 'ਚ ਸਫ਼ਲ ਰਹੀ। 35ਵੇਂ ਮਿੰਟ 'ਚ ਨੀਦਰਲੈਂਡ ਨੂੰ ਪੈਨਲਟੀ ਕੌਰਨਰ ਮਿਲਿਆ ਜਿਸ 'ਤੇ ਮਿੰਕ ਵਾਨ ਡੀਰ ਵੀਡੇਨ ਨੇ ਗੋਲ ਕਰਕੇ ਸਕੋਰ 4-0 ਕਰ ਦਿੱਤਾ। ਨੀਦਰਲੈਂਡ ਟੀਮ ਇੱਥੇ ਹੀ ਨਹੀਂ ਰੁਕੀ ਕਿਉਂਕਿ ਤੀਜੇ ਕੁਆਰਟਰ ਦੇ ਅੰਤ 'ਚ 42ਵੇਂ ਮਿੰਟ 'ਚ ਕੈਂਪਰਮੈਨ ਨੇ ਸ਼ਾਨਦਾਰ ਫੀਲਡ ਗੋਲ ਕਰਕੇ ਨੀਦਰਲੈਂਡ ਲਈ ਪੰਜਵਾ ਗੋਲ ਕੀਤਾ। ਨੀਦਰਲੈਂਡ ਲਈ 57ਵੇਂ ਮਿੰਟ 'ਚ ਬਿੰਕਰਮੈਨ ਨੇ ਛੇਵਾਂ ਤੇ 60ਵੇਂ ਮਿੰਟ 'ਚ ਜੇਰੋਏਨ ਨੇ ਸੱਤਵਾਂ ਤੇ ਆਪਣਾ ਤੀਜਾ ਗੋਲ ਕੀਤਾ।