ਮਹਿਤਾਬ-ਉਦ-ਦੀਨ


ਮੁਹਾਲੀ: ਮੁਹਾਲੀ ਦੇ ਜਿਸ ਸਿੰਮੀ ਸਿੰਘ ਉਰਫ਼ ਸਿਮਰਨਜੀਤ ਸਿੰਘ ਨੂੰ ਪੰਜਾਬ ਦੀ ਅੰਡਰ-19 ਟੀਮ ’ਚ ਸ਼ਾਮਲ ਕਰਨ ਦੇ ਯੋਗ ਨਹੀਂ ਸਮਝਿਆ ਗਿਆ ਸੀ; ਉਹੀ ਅੱਜ ਆਇਰਲੈਂਡ ਦਾ ਕ੍ਰਿਕੇਟ ਸਟਾਰ ਹੈ। ਪੰਜਾਬ ’ਚ ਸਿੰਮੀ ਸਿੰਘ ਨੂੰ ਪਤਾ ਨਹੀਂ ਕਿਉਂ ਸੂਬਾਈ ਕ੍ਰਿਕੇਟ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ, ਜਦ ਕਿ ਉਹ ਤਦ ਅੰਡਰ-14, ਅੰਡਰ-16 ਤੇ ਅੰਡਰ 17 ਪੱਧਰਾਂ ਉੱਤੇ ਆਪਣੀ ਸ਼ਾਨਦਾਰ ਕ੍ਰਿਕੇਟ ਦਾ ਪ੍ਰਦਰਸ਼ਨ ਕਰ ਚੁੱਕੇ ਸਨ। ਸਿੰਮੀ ਸਿੰਘ ਨੇ ਇਹ ਸਾਰੇ ਕਮਾਲ 16 ਵਰ੍ਹੇ ਪਹਿਲਾਂ ਵਿਖਾਏ ਸਨ।


 

ਲੰਘੀ 15 ਜੁਲਾਈ ਨੂੰ ਸਿੰਮੀ ਸਿੰਘ ਨੇ ਆਇਰਿਸ਼ ਗਣਰਾਜ ਦੀ ਰਾਜਧਾਨੀ ਡਬਲਿਨ ਦੇ ਮੈਲਾਹਾਈਡ ਕ੍ਰਿਕੇਟ ਕਲੱਬ ਦੇ ਮੈਦਾਨ ’ਚ 8ਵੇਂ ਸਥਾਨ ’ਤੇ ਦੱਖਣੀ ਅਫ਼ਰੀਕਾ ਵਿਰੁੱਧ ਖੇਡਦਿਆਂ ਵਨਡੇ ਅੰਤਰਰਾਸ਼ਟਰੀ ਕ੍ਰਿਕਟ (ODI) ਆਇਰਲੈਂਡ ਲਈ ਸੈਂਕੜਾ ਮਾਰਿਆ, ਜੋ ਇਸ ਤੋਂ ਪਹਿਲਾਂ ਉੱਥੋਂ ਦਾ ਕੋਈ ਕ੍ਰਿਕੇਟਰ ਨਹੀਂ ਕਰ ਸਕਿਆ। ਉਹ ਨੌਟ-ਆਊਟ ਵੀ ਰਹੇ ਪਰ ਉਨ੍ਹਾਂ ਦਾ ਇਹ ਮਾਅਰਕਾ ਵੀ ਆਇਰਲੈਂਡ ਨੂੰ ਜਿੱਤ ਨਾ ਦਿਵਾ ਸਕਿਆ। ਆਇਰਲੈਂਡ ਦੀ ਟੀਮ ਦੱਖਣੀ ਅਫ਼ਰੀਕਾ ਤੋਂ 70 ਦੌੜਾਂ ਤੋਂ ਹਾਰ ਗਈ ਤੇ ਇੰਝ ਇਹ ਸੀਰੀਜ਼ 1-1 ਨਾਲ ਬਰਾਬਰੀ ’ਤੇ ਆ ਗਈ।

 

‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਅਨੁਸਾਰ 34 ਸਾਲਾ ਸਿੰਮੀ ਸਿੰਘ ਹੁਣ ਤੱਕ 30 ਵਨਡੇ ਇੰਟਰਨੈਸ਼ਨਲ ਅਤੇ 24 T20 ਮੈਚ ਆਇਰਲੈਂਡ ਲਈ ਖੇਡ ਚੁੱਕੇ ਹਨ। ਉਨ੍ਹਾਂ ਆਪਣਾ ਪਹਿਲਾ ਮੈਚ ਸਾਲ 2017 ’ਚ ਨਿਊ ਜ਼ੀਲੈਂਡ ਵਿਰੁੱਧ ਖੇਡਿਆ ਸੀ। ਸਿੰਮੀ ਸਿੰਘ ਹੁਰਾਂ ਨੇ ਹੁਣ ਇੰਗਲੈਂਡ ਦੇ ਸੈਮ ਕਿਊਰਾਨ ਦਾ ਰਿਕਾਰਡ ਤੋੜਿਆ ਹੈ, ਜਿਨ੍ਹਾਂ ਇਸੇ ਵਰ੍ਹੇ ਪੁਣੇ ’ਚ ਭਾਰਤ ਵਿਰੁੱਧ ਖੇਡਦਿਆਂ 95 ਦੌੜਾਂ ਬਣਾਈਆਂ ਸਨ।

 

ਸਿੰਮੀ ਸਿੰਘ ਪੰਜਾਬ ’ਚ ਉਸ ਵੇਲੇ ਕ੍ਰਿਕੇਟ ਨੂੰ ਅਲਵਿਦਾ ਆਖ ਗਏ ਸਨ, ਜਦੋਂ ਉਨ੍ਹਾਂ ਨੂੰ U-19 ਟੀਮ ਵਿੱਚ ਸ਼ਾਮਲ ਕਰਨ ਲਈ ਵਿਚਾਰਿਆ ਨਹੀਂ ਗਿਆ ਸੀ; ਜਦ ਕਿ ਉਸ ਤੋਂ ਪਹਿਲਾਂ ਉਹ U-14, U-16 ਤੇ U-17 ਜਿਹੇ ਸਾਰੇ ਪੱਧਰਾਂ ਉੱਤੇ ਆਪਣੀ ਸ਼ਾਨਦਾਰ ਕ੍ਰਿਕੇਟ ਦਾ ਮੁਜ਼ਾਹਰਾ ਕਰ ਚੁੱਕੇ ਸਨ। ਫਿਰ ਜਦੋਂ ਪੰਜਾਬ ’ਚ ਉਨ੍ਹਾਂ ਦੀ ਕਦਰ ਨਾ ਪਈ, ਤਾਂ ਉਹ 2005 ’ਚ ਆਇਰਲੈਂਡ ਚਲੇ ਗਏ ਸਨ; ਜਿੱਥੇ ਉਨ੍ਹਾਂ ਆਪਣੇ ਕ੍ਰਿਕੇਟ ਕਰੀਅਰ ਦੇ ਨਾਲ-ਨਾਲ ਹੋਟਲ ਮੈਨੇਜਮੈਂਟ ਦਾ ਕੋਰਸ ਵੀ ਕੀਤਾ।