Odisha Govt on Indian Hockey: ਓਡੀਸ਼ਾ ਸਰਕਾਰ ਨੇ ਅਗਲੇ 10 ਸਾਲਾਂ ਲਈ ਟੋਕੀਓ ਓਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮ ਨੂੰ ਸਪਾਂਸਰ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਟੋਕੀਓ ਓਲੰਪਿਕਸ ਵਿੱਚ ਹਾਕੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਨ। ਇਸ ਲਈ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਓਡੀਸ਼ਾ ਸਰਕਾਰ 2018 ਤੋਂ ਭਾਰਤੀ ਹਾਕੀ ਟੀਮਾਂ ਨੂੰ ਸਪਾਂਸਰ ਕਰ ਰਹੀ ਹੈ।


ਮੁੱਖ ਮੰਤਰੀ ਨੇ ਟਵੀਟ ਕਰ ਸਾਂਝੀਆਂ ਕੀਤੀਆਂ ਤਸਵੀਰਾਂ


ਮੰਗਲਵਾਰ ਨੂੰ ਮੁੱਖ ਮੰਤਰੀ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਦਾ ਸਨਮਾਨ ਕੀਤਾ। ਉਨ੍ਹਾਂ ਨੇ ਸਮਾਰੋਹ ਦੀਆਂ ਕੁਝ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ। ਵੇਖੋ ਮੁੱਖ ਮੰਤਰੀ ਦਾ ਟਵੀਟ:-




ਉਨ੍ਹਾਂ ਕਿਹਾ, “ਅਸੀਂ ਉੜੀਸਾ ਵਿੱਚ ਉਤਸ਼ਾਹਿਤ ਹਾਂ ਕਿ ਹਾਕੀ ਇੰਡੀਆ ਨਾਲ ਸਾਡੀ ਭਾਈਵਾਲੀ ਨੇ ਦੇਸ਼ ਨੂੰ ਇਹ ਸ਼ਾਨਦਾਰ ਪ੍ਰਾਪਤੀ ਦਿੱਤੀ ਹੈ। ਮੇਰਾ ਮੰਨਣਾ ਹੈ ਕਿ ਓਡੀਸ਼ਾ ਤੇ ਹਾਕੀ ਇੱਕ ਦੂਜੇ ਦੇ ਸਮਾਨਾਰਥੀ ਬਣੇ ਹੋਏ ਹਨ। ਅਸੀਂ ਹਾਕੀ ਇੰਡੀਆ ਨਾਲ ਆਪਣੀ ਭਾਈਵਾਲੀ ਜਾਰੀ ਰੱਖਾਂਗੇ। ਓਡੀਸ਼ਾ ਅਗਲੇ 10 ਸਾਲਾਂ ਤੱਕ ਭਾਰਤੀ ਹਾਕੀ ਟੀਮਾਂ ਦਾ ਸਮਰਥਨ ਜਾਰੀ ਰੱਖੇਗੀ।"


ਇਸ ਮੌਕੇ ਦੋਵਾਂ ਟੀਮਾਂ ਨੇ ਮੁੱਖ ਮੰਤਰੀ ਨੂੰ ਖਿਡਾਰੀਆਂ ਦੇ ਦਸਤਖਤਾਂ ਵਾਲੀ ਜਰਸੀ ਭੇਟ ਕੀਤੀ। ਪਟਨਾਇਕ ਨੇ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਪ੍ਰਧਾਨ ਨਰਿੰਦਰ ਬੱਤਰਾ ਨੂੰ ਹਾਕੀ ਇੰਡੀਆ ਵਿੱਚ ਆਪਣੇ ਕਾਰਜਕਾਲ ਦੌਰਾਨ ਖੇਡ ਨੂੰ ਨਵੀਂ ਦਿਸ਼ਾ ਦੇਣ ਲਈ ਸਨਮਾਨਤ ਕੀਤਾ। ਓਡੀਸ਼ਾ ਵਿੱਚ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।


ਰਾਜ ਦੇ ਖੇਡ ਮੰਤਰੀ ਖੁਦ ਖਿਡਾਰੀਆਂ ਨੂੰ ਲੈਣ ਲਈ ਭੁਵਨੇਸ਼ਵਰ ਹਵਾਈ ਅੱਡੇ 'ਤੇ ਪਹੁੰਚੇ। ਖਿਡਾਰੀਆਂ ਦੇ ਸਵਾਗਤ ਲਈ ਸ਼ਹਿਰ ਭਰ ਵਿੱਚ ਪੋਸਟਰ, ਬੈਨਰ ਤੇ ਹੋਰਡਿੰਗ ਲਗਾਏ ਗਏ ਸੀ। ਖਿਡਾਰੀਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇੰਨਾ ਹੀ ਨਹੀਂ, ਜਦੋਂ ਖਿਡਾਰੀ ਮੁੱਖ ਮੰਤਰੀ ਦੇ ਪ੍ਰੋਗਰਾਮ ਲਈ ਜਾ ਰਹੇ ਸੀ ਤਾਂ ਸੜਕ ਦੇ ਦੋਵੇਂ ਪਾਸੇ ਲੋਕਾਂ ਦੀ ਭੀੜ ਸੀ।


ਹਾਕੀ ਟੀਮ ਦੇ ਕਪਤਾਨ ਨੇ ਕੀਤੀ ਮੁੱਖ ਮੰਤਰੀ ਦੀ ਸ਼ਲਾਘਾ


ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਟੋਕੀਓ ਓਲੰਪਿਕ ਵਿੱਚ ਜਿੱਤਿਆ ਉਨ੍ਹਾਂ ਦਾ ਕਾਂਸੀ ਦਾ ਤਗਮਾ ਓਡੀਸ਼ਾ ਦੇ ਮੁੱਖ ਮੰਤਰੀ ਤੇ ਖੇਡ ਦੇ ਪੱਕੇ ਸਮਰਥਕ ਨਵੀਨ ਪਟਨਾਇਕ ਵੱਲੋਂ ਰਾਸ਼ਟਰ ਲਈ ਇੱਕ ਤੋਹਫਾ ਹੈ।


ਮਨਪ੍ਰੀਤ ਨੇ ਕਿਹਾ, “ਇੱਕ ਖਿਡਾਰੀ ਦੇ ਰੂਪ ਵਿੱਚ, ਅਸੀਂ ਕਾਂਸੀ ਦਾ ਤਗਮਾ ਜਿੱਤਿਆ ਹੋ ਸਕਦਾ ਹੈ ਪਰ ਸੱਚਾਈ ਇਹ ਹੈ ਕਿ ਇਹ ਭਾਰਤ ਦਾ ਤਗਮਾ ਹੈ। ਇਹ ਮਾਨਯੋਗ ਮੁੱਖ ਮੰਤਰੀ ਨਵੀਨ ਪਟਨਾਇਕ ਵੱਲੋਂ ਰਾਸ਼ਟਰ ਲਈ ਇੱਕ ਤੋਹਫ਼ਾ ਹੈ, ਜਿਨ੍ਹਾਂ ਦੇ ਦ੍ਰਿਸ਼ਟੀ ਅਤੇ ਉਤਸ਼ਾਹ ਨਾਲ ਅਸੀਂ 41 ਸਾਲਾਂ ਬਾਅਦ ਓਲੰਪਿਕ ਤਗਮਾ ਜਿੱਤਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋਏ ਹਾਂ।"


ਇਸ ਤੋਂ ਇਲਾਵਾ ਮਹਿਲਾ ਹਾਕੀ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਮੈਡਲ ਤੋਂ ਖੁੰਝ ਗਈ। ਦੇਸ਼ ਤੇ ਵਿਸ਼ਵ ਵਿੱਚ ਭਾਰਤੀ ਹਾਕੀ ਟੀਮਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੁਰਖੀਆਂ ਬਟੋਰੀਆਂ ਸੀ।


ਇਹ ਵੀ ਪੜ੍ਹੋ: Taliban Fighters Laugh: ਰਾਜਨੀਤੀ 'ਚ ਔਰਤਾਂ ਦੀ ਭਾਗੀਦਾਰੀ ਦੇ ਸਵਾਲ 'ਤੇ ਤਾਲਿਬਾਨ ਲੜਾਕੂਆਂ ਨੂੰ ਆਇਆ ਹਾਸਾ, ਵੇਖੋ ਵੀਡੀਓ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904