Tokyo Olympic 2020: ਨੇਜਾ ਸੁੱਟ ਐਥਲੀਟ ਨੀਰਜ ਚੋਪੜਾ ਨੇ ਟੋਕਿਓ ਓਲੰਪਿਕ 'ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਦੇਸ਼ ਲਈ ਵਿਅਕਤੀਗਤ ਗੋਲਡ ਮੈਡਲ ਜਿੱਤਣ ਵਾਲੇ ਦੂਜੇ ਖਿਡਾਰੀ ਤੇ ਪਹਿਲੇ ਐਥਲੀਟ ਹਨ। ਨੀਰਜ ਦੀ ਇਸ ਸਫ਼ਲਤਾ ਨਾਲ ਭਾਰਤ ਇਕ ਗੋਲਡ, 2 ਸਿਲਵਰ ਤੇ ਚਾਰ ਬ੍ਰੌਂਜ ਦੇ ਨਾਲ ਟੋਕਿਓ ਓਲੰਪਿਕ ਦੀ ਸਮਾਪਤੀ ਕਰੇਗਾ।


ਨਰੀਜ ਨੇ ਆਪਣੇ ਦੂਜੇ ਯਤਨ 'ਚ 87.58 ਮੀਟਰ ਦੀ ਦੂਰੀ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ। 86.67 ਮੀਟਰ ਨਾਲ ਚੈੱਕ ਰਿਪਬਲਿਕ ਦੇ ਯਾਕੁਬ ਵਾਲਦੇਜ ਦੂਜੇ ਸਥਾਨ 'ਤੇ ਰਹੇ ਜਦਕਿ ਉਨ੍ਹਾਂ ਦੇ ਹੀ ਦੇਸ਼ ਦੇ ਵਿਟੇਸਲਾਵ ਵੇਸੇਲੀ ਨੂੰ 85.44 ਮੀਟਰ ਦੇ ਨਾਲ ਕਾਂਸੇ ਦਾ ਤਗਮਾ ਮਿਲਿਆ।


ਨੀਰਜ ਤੋਂ ਪਹਿਲਾਂ ਅਭਿਨਵ ਬਿੰਦਰਾ ਨੇ 13 ਸਾਲ ਪਹਿਲਾਂ ਬੀਜਿੰਗ ਓਲੰਪਿਕ 'ਚ ਸੋਨ ਤਗਮਾ ਜਿੱਤਿਆ ਸੀ। ਹਾਲਾਂਕਿ ਅਭਿਨਵ ਨੇ ਇਹ ਤਗਮਾ ਨਿਸ਼ਾਨੇਬਾਜ਼ੀ 'ਚ ਜਿੱਤਿਆ ਸੀ।  ਟੋਕਿਓ 'ਚ ਜੋ ਨੀਰਜ ਨੇ ਕੀਤਾ ਹੈ ਉਹ ਇਤਿਹਾਸਕ ਹੈ। ਕਿਉਂਕਿ ਇਸ ਤੋਂ ਪਹਿਲਾਂ ਭਾਰਤ ਨੂੰ ਓਲੰਪਿਕ 'ਚ ਐਥਲੈਟਿਕਸ 'ਚ ਕਦੇ ਕਈ ਤਗਮਾ ਨਹੀਂ ਮਿਲਿਆ ਸੀ।


ਬਜਰੰਗ ਪੂਨੀਆ ਦਾ ਬ੍ਰੌਂਜ ਮੈਡਲ


ਕੁਸ਼ਤੀ 'ਚ ਭਾਰਤ ਦੇ ਪਹਿਲਵਾਨ ਬਜਰੰਗ ਪੂਨੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 65 ਕਿਲੋਗ੍ਰਾਮ ਭਾਰ ਵਰਗ 'ਚ ਬ੍ਰੌਂਜ ਮੈਡਲ ਜਿੱਤ ਲਿਆ ਬਜਰੰਗ ਨੇ ਭਾਰਤ ਦੀ ਝੌਲੀ 'ਚ ਚੌਥਾ ਕਾਂਸੇ ਦਾ ਤਗਮਾ ਪਾਇਆ।
ਗੌਲਫ 'ਚ ਭਾਰਤ ਨੂੰ ਨਹੀਂ ਮਿਲਿਆ ਤਗਮਾ


ਅਦਿਤੀ ਟੋਕਿਓ ਓਲੰਪਿਕ 'ਚ ਮਹਿਲਾਵਾਂ ਦੀ ਵਿਅਕਤੀਗਤ ਸਟ੍ਰੋਕ ਪਲੇਅ ਈਵੈਂਟ 'ਚ ਚੌਥੇ ਸਥਾਨ 'ਤੇ ਰਹੀ। ਚੌਥੇ ਤੇ ਅੰਤਿਮ ਗੇੜ ਦੇ ਆਖਰੀ ਪਲਾਂ 'ਚ ਕੀਤੀਆਂ ਕੁਝ ਗਲਤੀਆਂ ਆਦਿਤੀ ਨੂੰ ਤਗਮੇ ਤੋਂ ਦੂਰ ਲੈ ਗਈਆਂ। ਉਹ ਤਿੰਨ ਰਾਊਂਡ ਤਕ ਤਗਮੇ ਦੀ ਦੌੜ 'ਚ ਬਣੀ ਹੋਈ ਸੀ।


ਦੂਜਾ ਓਲੰਪਿਕ ਖੇਡ ਰਹੀ ਅਦਿਤੀ ਰਿਓ ਓਲੰਪਿਕ 'ਚ 41ਵੇਂ ਸਥਾਨ 'ਤੇ ਰਹੀ ਸੀ। ਪਰ ਟੋਕਿਓ 'ਚ ਅਦਿਤੀ ਨੇ ਸ਼ੁਰੂਆਤ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਤੀਜੇ ਰਾਊਂਡ ਦੀ ਸਮਾਪਤੀ ਤਕ ਟੌਪ-3 'ਚ ਬਣੀ ਹੋਈ ਸੀ।


ਚਾਰ ਰਾਊਂਡ 'ਚ 125 ਅੰਡਰ-ਸਕੋਰ 269 ਜੁਟਾਉਣ ਵਾਲੀ ਅਦਿਤੀ ਤੋਂ ਪਹਿਲਾਂ ਇਹ ਮੁਕਾਮ ਕੋਈ ਨਹੀਂ ਹਾਸਲ ਕਰ ਸਕਿਆ। ਆਦਿਤੀ ਨੂੰ ਚੰਗੀ ਖੇਡ ਪ੍ਰਦਰਸ਼ਨ ਲਈ ਚੁਫੇਰਿਓਂ ਵਧਾਈਆਂ ਵੀ ਮਿਲੀਆਂ ਤੇ ਉਸ ਦੀ ਸ਼ਲਾਘਾ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੱਲੋਂ ਵੀ ਕੀਤੀ ਗਈ।