ਟੋਕਿਓ ਓਲੰਪਿਕ 'ਚ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਇਨਲ 'ਚ ਪਹੁੰਚ ਗਈ ਹੈ। ਸੋਮਵਾਰ ਆਸਟਰੇਲੀਆ ਨਾਲ ਸ਼ਾਨਦਾਰ ਖੇਡ ਦਾ ਪ੍ਰਦਾਰਸ਼ਨ ਕਰਦਿਆਂ ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਰਟਰ ਫਾਇਨਲ 'ਚ ਆਸਟਰੇਲੀਆ ਨੂੰ 1-0 ਨਾਲ ਮਾਤ ਦਿੱਤੀ ਤੇ ਸੈਮੀਫਾਇਨਲ 'ਚ ਥਾਂ ਬਣਾਈ ਹੈ। 


ਇਸ ਤੋਂ ਬਾਅਦ ਪੂਰੇ ਉਤਸ਼ਾਹ ਤੇ ਜੋਸ਼ ਨਾਲ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਇਨਲ ਮੁਕਾਬਲਾ ਜਿੱਤਣ ਲਈ ਮੈਦਾਨ 'ਚ ਉੱਤਰੇਗੀ। ਭਾਰਤ ਦਾ ਸੈਮੀਫਾਇਨਲ ਮੁਕਾਬਲਾ ਅਰਜਨਟੀਨਾ ਨਾਲ  ਬੁੱਧਵਾਰ ਹੋਵੇਗਾ।


ਭਾਰਤੀ ਟੀਮ ਦੇ ਵਾਂਗ ਅਰਜਨਟੀਨਾ ਵੀ ਪੂਰੀ ਮਿਹਨਤ ਨਾਲ ਸੈਮੀਫਾਇਨਲ 'ਚ ਪਹੁੰਚਿਆ ਹੈ। ਅਰਜਨਟੀਨਾ ਨੇ ਸੋਮਵਾਰ ਕੁਆਰਟਰਫਾਇਨਲ ਮੁਕਾਬਲੇ 'ਚ ਜਰਮਨੀ ਨੂੰ 3-0 ਸਿਫਰ ਨਾਲ ਹਰਾਉਂਦਿਆਂ ਸੈਮੀਫਾਇਨਲ 'ਚ ਦਾਖਲਾ ਲਿਆ ਸੀ। ਸਾਫ ਹੈ ਕਿ ਭਾਰਤ ਲਈ ਸੈਮੀਫਾਇਨਲ ਦਾ ਮੁਕਾਬਲਾ ਜਿੱਤਣਾ ਕੋਈ ਸੌਖੀ ਗੱਲ ਨਹੀਂ ਹੈ।


ਭਾਰਤੀ ਹਾਕੀ ਟੀਮ ਦੀ ਖਿਡਾਰਨ ਰਾਣੀ ਰਾਮਪਾਲ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, 'ਆਸਟਰੇਲੀਆ ਖਿਲਾਫ ਸਾਡਾ ਖੇਡ ਪ੍ਰਦਰਸ਼ਨ ਬਹੁਤ ਵਧੀਆ ਸੀ। ਉਨ੍ਹਾਂ ਕਿਹਾ ਹੁਣ ਪਿੱਛੇ ਮੁੜ ਕੇ ਦੇਖਣ ਦਾ ਵੇਲਾ ਨਹੀਂ। ਸਾਡਾ ਪੂਰਾ ਧਿਆਨ ਅਰਜਨਟੀਨਾ ਖਿਲਾਫ ਖੇਡੇ ਜਾਣ ਵਾਲੇ ਸੈਮੀਫਾਇਨਲ 'ਤੇ ਹੈ। ਇਸ ਸਟੇਜ 'ਤੇ ਮੁਕਾਬਲਾ ਸੌਖਾ ਨਹੀਂ ਰਹਿ ਜਾਂਦਾ। ਸੋ ਅਸੀਂ ਮੈਦਾਨ 'ਚ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਦਿਆਂਗੇ।'


ਰਾਣੀ ਰਾਮਪਾਲ ਨੇ ਕਿਹਾ ਕਿ ਅਰਜਨਟੀਨਾ ਤੇ ਭਾਰਤ ਦੋਵੇਂ ਟੀਮਾ ਇਕ ਦੂਜੇ ਦੀ ਖੇਡ ਰਣਨੀਤੀ ਤੋਂ ਵਾਕਿਫ ਹਨ। ਰਾਣੀ ਨੇ ਹਾਲ ਹੀ 'ਚ ਭਾਰਤੀ ਮਹਿਲਾ ਹਾਕੀ ਟੀਮ ਦੇ ਅਰਜਨਟੀਨਾ ਦੌਰੇ ਦਾ ਜ਼ਿਕਰ ਕਰਦਿਆਂ ਇਹ ਗੱਲ ਆਖੀ। ਰਾਣੀ ਨੇ ਕਿਹਾ, 'ਪਰ ਓਲੰਪਿਕ ਸੈਮੀਫਾਇਨਲ ਬਿਲਕੁਲ ਵੱਖਰਾ ਹੋਵੇਗਾ। ਇਹ ਸਪਸ਼ਟ ਹੈ ਕਿ ਸਾਡੀ ਟੀਮ ਹੁਣ ਤਕ ਦਾ ਔਖਾ ਮੁਕਾਬਲਾ ਖੇਡੇਗੀ।  ਸਾਨੂੰ ਸਾਡੀ ਖੇਡ 'ਤੇ ਵਿਸ਼ਵਾਸ ਹੈ ਤੇ ਚੰਗਾ ਪ੍ਰਦਰਸ਼ਨ ਕਰਨ ਲਈ ਆਤਮ-ਵਿਸ਼ਵਾਸ ਵੀ ਕਾਇਮ ਹੈ।'


ਭਾਰਤੀ ਹਾਕੀ ਟੀਮ ਦੇ ਕੋਚ Sjoerd Marijne ਨੇ ਕਿਹਾ, 'ਭਾਰਤੀ ਟੀਮ ਦਾ ਆਪਣੇ ਟੀਚੇ 'ਤੇ ਧਿਆਨ ਹੈ।' ਉਨ੍ਹਾਂ ਕਿਹਾ 'ਅਰਜਨਟੀਨਾ ਚੰਗੀ ਟੀਮ ਹੈ ਤੇ ਸਾਡੇ ਲਈ ਇਹ ਔਖਾ ਮੁਕਾਬਲਾ ਹੋਵੇਗਾ। ਅਸੀਂ ਜਨਵਰੀ 'ਚ ਅਰਜਨਟੀਨਾ ਨਾਲ ਖੇਡੇ ਸੀ ਤੇ ਉਸ ਨੂੰ ਹਰਾਉਣਾ  ਮੁਸ਼ਕਿਲ ਕੰਮ ਹੈ। ਉਨ੍ਹਾਂ ਦਾ ਡਿਫੈਂਸ ਬਹੁਤ ਮਜਬੂਤ ਹੈ। ਸਾਨੂੰ ਗੋਲ ਕਰਨ ਦੇ ਮੌਕਿਆਂ ਨੂੰ ਸਕੋਰ 'ਚ ਬਦਲਣਾ ਪਵੇਗਾ ਜਿਸ ਤਰ੍ਹਾਂ ਅਸੀਂ ਪੈਨਲਟੀ ਕੌਰਨਰ ਵੇਲੇ ਆਸਟਰੇਲੀਆ ਖਿਲਾਫ ਕੀਤਾ ਸੀ। ਉਨ੍ਹਾਂ ਕਿਹਾ ਕਿ ਮੈਂ ਸਾਰੀਆਂ ਖਿਡਾਰਨਾਂ ਨੂੰ ਕਿਹਾ ਕਿ ਤੁਹਾਡੇ 'ਚ ਜਿੰਨੀ ਵੀ ਐਨਰਜੀ ਹੈ ਕੱਲ੍ਹ ਦੇ ਮੈਚ 'ਤੇ ਲਾ ਦੇਣਾ।'


ਦੱਸ ਦੇਈਏ ਕਿ ਬੁੱਧਵਾਰ ਭਾਰਤ ਰਜਨਟੀਨਾ ਖਿਲਾਫ ਸੈਮੀਫਾਇਨਲ ਮੁਕਾਬਲਾ ਖੇਡੇਗਾ। ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਇਨਲ ਮੁਕਾਬਲਾ ਹਾਰ ਗਈ ਹੈ। ਹੁਣ ਉਮੀਦ ਮਹਿਲਾ ਹਾਕੀ ਟੀਮ ਤੋਂ ਹੈ।