Tokyo Olympics: ਭਾਰਤੀ ਮਹਿਲਾ ਹਾਕੀ ਟੀਮ ਦਾ ਓਲੰਪਿਕ ਦੇ ਫਾਇਨਲ 'ਚ ਪਹੁੰਚਣ ਦਾ ਸੁਫਨਾ ਟੁੱਟ ਗਿਆ। ਟੋਕਿਓ ਓਲੰਪਿਕ ਦੇ ਸੈਮੀਫਾਇਨਲ ਮੁਕਾਬਲੇ 'ਚ ਬੁੱਧਵਾਰ ਅਰਜਨਟੀਨਾ ਨੇ ਭਾਰਤੀ ਟੀਮ ਨੂੰ 2-1 ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਇਸ ਮੁਕਾਬਲੇ ਦੀ ਬਿਹਤਰ ਸ਼ੁਰੂਆਤ ਕੀਤੀ ਸੀ ਪਰ ਅਰਜਨਟੀਨਾ ਨੇ ਬਿਹਤਰ ਵਾਪਸੀ ਕਰਕੇ ਮੈਚ ਆਪਣੇ ਨਾਂਅ ਕਰ ਲਿਆ।
ਭਾਰਤੀ ਟੀਮ ਨੇ ਇਸ ਮੁਕਾਬਲੇ 'ਚ ਸਖਤ ਟੱਕਰ ਦਿੱਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੈਚ ਵਿਚ ਹਾਰ ਤੋਂ ਬਾਅਦ ਟਵੀਟ ਕਰਕੇ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਪੀਐਮ ਮੋਦੀ ਨੇ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੇ ਸੋਜਰਡ ਮਾਰਿਜਨੇ ਨਾਲ ਫੋਨ ਤੇ ਗੱਲ ਕਰਕੇ ਟੀਮ ਦੀ ਖੇਡ ਦੀ ਸ਼ਲਾਘਾ ਕੀਤੀ।
ਕੀ ਬੋਲੇ ਪੀਐਮ
ਪੀਐਮ ਮੋਦੀ ਨੇ ਕਿਹਾ ਕਿ ਮਹਿਲਾ ਹਾਕੀ ਕਪਤਾਨ ਰਾਣੀ ਰਾਮਪਾਲ ਤੇ ਕੋਚ ਸੋਜਰਡ ਮਾਰਿਜਨੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਮਹਿਲਾ ਹਾਕੀ ਟੀਮ ਦੇ ਪ੍ਰਦਰਸ਼ਨ 'ਤੇ ਮਾਣ ਜਤਾਇਆ। ਪੀਐਮ ਨੇ ਕਿਹਾ ਕਿ ਮਹਿਲਾ ਟੀਮ ਐਥਲੀਟਾਂ ਦਾ ਇਕ ਕੁਸ਼ਲ ਗਰੁੱਪ ਹੈ। ਜਿੰਨ੍ਹਾਂ ਨੇ ਬਹੁਤ ਮਿਹਨਤ ਕੀਤੀ ਤੇ ਉਨ੍ਹਾਂ ਨੂੰ ਅੱਗੇ ਦੇਖਣਾ ਚਾਹੀਦਾ ਹੈ। ਜਿੱਤ ਤੇ ਹਾਰ ਜ਼ਿੰਦਗੀ ਦਾ ਹਿੱਸਾ ਤੇ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ।
ਹਾਕੀ ਟੀਮ ਦੇ ਕੋਚ ਨੇ ਪੀਐਮ ਮੋਦੀ ਦਾ ਕੀਤਾ ਧੰਨਵਾਦ
ਪੀਐਮ ਮੋਦੀ ਵੱਲੋਂ ਫੋਨ ਕੀਤੇ ਜਾਣ 'ਤੇ ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਸੋਜਰਡ ਮਾਰਿਜਨੇ ਨੇ ਪ੍ਰਧਾਨ ਮੰਤਰੀ ਮੋਦੀ ਦਾ ਹੌਸਲਾ ਅਫਜ਼ਾਈ ਲਈ ਕੀਤੇ ਫੋਨ ਲਈ ਧੰਨਵਾਦ ਕੀਤਾ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਮੈਂ ਟੀਮ ਤਕ ਸੁਨੇਹਾ ਪਹੁੰਚਾਵਾਂਗਾ। ਅਸੀਂ ਬ੍ਰੌਂਜ ਮੈਡਲ ਲਈ ਸੰਘਰਸ਼ ਦੀ ਭਾਵਨਾ ਬਰਕਰਾਰ ਰੱਖਾਂਗੇ।
ਮੈਚ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕੀਤਾ ਸੀ ਟਵੀਟ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਕਾਬਲੇ ਤੋਂ ਬਾਅਦ ਟੀਮ ਦੇ ਸੰਘਰਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਟਵੀਟ ਕੀਤਾ, 'ਇਕ ਚੀਜ਼ ਜਿਸ ਨੂੰ ਅਸੀਂ ਟੋਕਿਓ ਓਲੰਪਿਕ 'ਚ ਯਾਦ ਰੱਖਾਂਗੇ ਉਹ ਹੈ ਸਾਡੀਆਂ ਹਾਕੀ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ। ਅੱਜ ਸਾਡੀ ਮਹਿਲਾ ਹਾਕੀ ਟੀਮ ਨੇ ਹੌਸਲੇ ਨਾਲ ਖੇਡਿਆ ਤੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਟੀਮ 'ਤੇ ਮਾਣ ਹੈ। ਅੱਗੇ ਦੀ ਖੇਡ ਤੇ ਭਵਿੱਖ ਦੇ ਯਤਨਾਂ ਲਈ ਸ਼ੁੱਭਕਾਮਨਾਵਾਂ।