ਚੰਡੀਗੜ੍ਹ: ਨੌਜਵਾਨ ਭਾਰਤੀ ਨਿਸ਼ਾਨੇਬਾਜ਼ ਅਰਜੁਨ ਬਬੂਤਾ ਨੇ ਆਈਐਸਐਸਐਫ ਵਿਸ਼ਵ ਕੱਪ 2022 (ISSF World Cup 2022) ਦੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਦੇਸ਼ ਲਈ ਦੋ ਗੋਲਡ ਮੈਡਲ ਜਿੱਤ ਲਏ ਹਨ। ਗੋਲਡ ਮੈਡਲ ਦੇ ਮੁਕਾਬਲੇ 'ਚ ਅਰਜੁਨ ਨੇ ਟੋਕੀਓ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਲੁਕਾਸ ਕੋਜੇਂਸਕੀ ਨੂੰ 17-9 ਨਾਲ ਹਰਾਇਆ। ਪੰਜਾਬ ਦਾ 23 ਸਾਲਾ ਅਰਜੁਨ 2016 ਤੋਂ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਹ 661.1 ਦੇ ਸਕੋਰ ਨਾਲ ਰੈਂਕਿੰਗ ਮੈਚ 'ਚ ਸਿਖਰ 'ਤੇ ਰਹਿੰਦੇ ਹੋਏ ਗੋਲਡ ਮੈਡਲ ਮੈਚ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਿਹਾ ਸੀ।
ਉੱਧਰ ਅਰਜੁਨ ਦੀ ਇਸ ਸ਼ਾਨਦਾਰ ਜਿੱਤ `ਤੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਸ ਲਈ ਟਵਿੱਟਰ `ਤੇ ਵਧਾਈ ਸੰਦੇਸ਼ ਲਿਖਿਆ। ਉਨ੍ਹਾਂ ਲਿਖਿਆ, "ਪੰਜਾਬ ਦੇ ਜੰਮਪਲ ਨਿਸ਼ਾਨੇਬਾਜ਼ ਅਰਜਨ ਬਬੂਟਾ ਨੇ ਦੱਖਣੀ ਕੋਰੀਆ ਵਿਖੇ ਚੱਲ ਰਹੇ ਆਈ.ਐਸ.ਐਸ.ਐਫ. ਵਿਸ਼ਵ ਕੱਪ ‘ਚ ਭਾਰਤ ਲਈ 2 ਸੋਨ ਤਮਗੇ ਜਿੱਤੇ ਹਨ। ਅਰਜੁਨ ਨੇ 10 ਮੀਟਰ ਏਅਰ ਰਾਈਫਲ ਦੇ ਦੋ ਈਵੈਂਟਾਂ ਵਿੱਚ ਇਹ ਸੋਨ ਤਮਗੇ ਜਿੱਤੇ ਹਨ। ਅਰਜਨ ਨੂੰ ਸੁਨਹਿਰੀ ਭਵਿੱਖ ਲਈ ਸ਼ੁਭ ਇੱਛਾਵਾਂ ਦਿੰਦਾ ਹੋਇਆ ਉਸ ਦੇ ਕੋਚ ਤੇ ਮਾਤਾ-ਪਿਤਾ ਨੂੰ ਵੀ ਵਧਾਈ ।"
ਦਸ ਦਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਅਰਜੁਨ ਨੇ ਆਪਣਾ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਸੀਨੀਅਰ ਟੀਮ ਨਾਲ ਅਰਜੁਨ ਦਾ ਇਹ ਪਹਿਲਾ ਸੋਨ ਤਗਮਾ ਸੀ। ਉਸਨੇ ਅਜ਼ਰਬਾਈਜਾਨ ਦੇ ਗਾਬਾਲਾ ਵਿੱਚ 2016 ਦੇ ਜੂਨੀਅਰ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤਿਆ। ਈਵੈਂਟ 'ਚ ਹਿੱਸਾ ਲੈਣ ਵਾਲੇ ਇਕ ਹੋਰ ਭਾਰਤੀ ਪਾਰਥ ਮਖੀਜਾ 258.1 ਦੇ ਸਕੋਰ ਨਾਲ ਚੌਥੇ ਸਥਾਨ 'ਤੇ ਰਹੇ। ਇਜ਼ਰਾਈਲ ਦੇ 33 ਸਾਲਾ ਸਰਗੇਈ ਰਿਕਟਰ 259.9 ਦੇ ਸਕੋਰ ਨਾਲ ਤੀਜੇ ਸਥਾਨ 'ਤੇ ਰਹੇ।