ਨਵੀਂ ਦਿੱਲੀ: ਭਾਰਤ ਦੀ ਦਿੱਗਜ ਪਹਿਲਵਾਨ ਸਾਕਸ਼ੀ ਮਲਿਕ ਨੇ ਹਰਿਆਣਾ ਸਰਕਾਰ 'ਤੇ ਵਾਅਦਾ ਪੂਰਾ ਨਾ ਕਰਨ ਦਾ ਇਲਜ਼ਾਮ ਲਾਇਆ ਹੈ। ਓਲੰਪਿਕ ਤਮਗਾ ਜੇਤੂ ਸਾਕਸ਼ੀ ਨੇ ਦੋਸ਼ ਲਾਇਆ ਹੈ ਕਿ ਵਿਸ਼ਵ ਦੇ ਸਭ ਤੋਂ ਵੱਡੇ ਪੜਾਅ ‘ਤੇ ਸਫਲ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਸਿਰਫ ਭਰੋਸਾ ਦਿੱਤਾ ਜਾ ਰਿਹਾ ਹੈ, ਪਰ ਇਨਾਮ ਵਾਅਦੇ ਅਨੁਸਾਰ ਨਹੀਂ ਦਿੱਤਾ ਜਾ ਰਿਹਾ।


ਹਾਲ ਹੀ ਵਿੱਚ ਅਰਜੁਨ ਐਵਾਰਡ ਲਈ ਨਾਮਜ਼ਦ 29 ਖਿਡਾਰੀਆਂ ਵਿੱਚੋਂ ਇੱਕ ਸਾਕਸ਼ੀ ਮਲਿਕ ਨੇ ਕਿਹਾ ਕਿ ਵਾਅਦੇ ਅਨੁਸਾਰ ਸਰਕਾਰ ਨੇ ਨਾ ਤਾਂ ਉਨ੍ਹਾਂ ਨੂੰ 500 ਗਜ਼ ਦੀ ਜ਼ਮੀਨ ਦਿੱਤੀ ਤੇ ਨਾ ਹੀ ਸਰਕਾਰੀ ਨੌਕਰੀ ਦਿੱਤੀ। ਇਨ੍ਹਾਂ ਸਾਰੇ ਸਾਲਾਂ ਤੋਂ ਸਿਰਫ ਭਰੋਸਾ ਦਿੱਤਾ ਜਾ ਰਿਹਾ ਹੈ।



ਸਾਕਸ਼ੀ ਨੇ ਠੀਕ 4 ਸਾਲ ਪਹਿਲਾਂ 18 ਅਗਸਤ, 2016 ਨੂੰ ਰੀਓ ਓਲੰਪਿਕ ਵਿੱਚ ਕੁਸ਼ਤੀ 'ਚ ਬਰੌਂਜ਼ ਮੈਡਲ ਜਿੱਤਿਆ ਸੀ। ਸਾਕਸ਼ੀ ਕੁਸ਼ਤੀ 'ਚ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ। ਸਿਰਫ ਇੰਨਾ ਹੀ ਨਹੀਂ, ਰੀਓ ਓਲੰਪਿਕ ਵਿੱਚ ਭਾਰਤੀ ਐਥਲੀਟਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਵਿਚਕਾਰ ਦੇਸ਼ ਨੂੰ ਪਹਿਲਾ ਮੈਡਲ ਸਾਕਸ਼ੀ ਨੇ ਹੀ ਦਵਾਇਆ ਸੀ।



ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਾਕਸ਼ੀ ਨੇ ਹਰਿਆਣਾ ਸਰਕਾਰ 'ਤੇ ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਲਾਇਆ ਹੈ। ਇਸ ਤੋਂ ਪਹਿਲਾਂ ਸਾਲ 2017 ਵਿੱਚਵੀ ਸਾਕਸ਼ੀ ਨੇ ਇਸੇ ਦੋਸ਼ ਵਿੱਚ ਹਰਿਆਣਾ ਸਰਕਾਰ ਦਾ ਘਿਰਾਓ ਕੀਤਾ ਸੀ। ਸਾਕਸ਼ੀ ਨੇ ਟਵੀਟ ਕੀਤਾ ਸੀ ਕਿ ਉਸ ਨੇ ਮੈਡਲ ਲਿਆਉਣ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ, ਪਰ ਹਰਿਆਣਾ ਸਰਕਾਰ ਕਦੋਂ ਇਹ ਵਾਅਦਾ ਪੂਰਾ ਕਰੇਗੀ।